ਮੱਖੂ, 28 ਫਰਵਰੀ (ਵਰਿੰਦਰ ਮਨਚੰਦਾ)-ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਅਤੇ ਦਿੱਲੀ ਦੇ ਸਾਬਕਾ ਕੈਬਨਿਟ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਕੋਰਟ ਨੇ ਸ਼ਰਾਬ ਘੁਟਾਲੇ ਮਾਮਲੇ ਵਿਚ ਬਾਇੱਜ਼ਤ ਬਰੀ ਕਰ ਦਿੱਤਾ ਹੈ, ਜਿਸ ਦਾ ਆਮ ਆਦਮੀ ਪਾਰਟੀ ਹਲਕਾ ਜ਼ੀਰਾ ਵਲੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ | ਇਹ ਪ੍ਰਗਟਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸ਼ੰਕਰ ਕਟਾਰੀਆ ਸਪੁੱਤਰ ਵਿਧਾਇਕ ਨਰੇਸ਼ ਕਟਾਰੀਆ ਤੇ ਕੌਂਸਲਰ ਸੰਦੀਪ ਠੁਕਰਾਲ ਬਲਾਕ ਪ੍ਰਧਾਨ ਮੱਖੂ ਨੇ ਕਰਦਿਆਂ ਕਿਹਾ ਸ਼ਰਾਬ ਘੁਟਾਲੇ ਮਾਮਲੇ 'ਚ ਦਿੱਲੀ ਹਾਈ ਕੋਰਟ ਵਲੋਂ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੇ ਹੱਕ 'ਚ ਸੁਣਾਇਆ ਫ਼ੈਸਲਾ ਸਚਾਈ ਦੀ ਜਿੱਤ ਹੈ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਸਿਆਸੀ ਰੰਜਸ਼ ਕੱਢਦੇ ਹੋਏ ਈ. ਡੀ. ਤੇ ਸੀ. ਬੀ. ਆਈ. ਦੀ ਮਦਦ ਨਾਲ ਜੋ ਆਪ ਉੱਚ ਆਗੂਆਂ 'ਤੇ ਇਲਜ਼ਾਮ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਅੱਜ ਉਨ੍ਹਾਂ ਦੋਸ਼ਾਂ ਨੂੰ ਦਿੱਲੀ ਹਾਈਕੋਰਟ ਨੇ ਸਾਰੇ 'ਆਪ' ਆਗੂਆਂ ਨੂੰ ਬਰੀ ਕਰਕੇ ਝੂਠਾ ਸਾਬਤ ਕਰ ਦਿੱਤਾ ਹੈ | ਇਸ ਮੌਕੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸ਼ੰਕਰ ਕਟਾਰੀਆ, ਕੌਂਸਲਰ ਸੰਦੀਪ ਠੁਕਰਾਲ ਬਲਾਕ ਪ੍ਰਧਾਨ ਮੱਖੂ, ਕੌਂਸਲਰ ਸੌਰਵ ਅਹੂਜਾ, ਗੁਰਜੰਟ ਸਿੰਘ ਕੌਂਸਲਰ ਆਦਿ ਨੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ, ਸਾਬਕਾ ਕੈਬਨਿਟ ਮੰਤਰੀ ਮਨੀਸ਼ ਸਿਸੋਦੀਆ ਤੇ ਹੋਰ ਆਪ ਉੱਚ ਆਗੂਆਂ ਦੀ ਰਿਹਾਈ 'ਤੇ ਵਧਾਈਆਂ ਦਿੰਦੇ ਹੋਏ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ |