ਫ਼ਿਰੋਜ਼ਪੁਰ, 1 ਮਾਰਚ (ਰਾਕੇਸ਼ ਚਾਵਲਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਮੈਜਿਸਟੇ੍ਰਟੀ ਸ਼ਕਤੀਆਂ ਦਾ ਪ੍ਰਯੋਗ ਕਰਕੇ ਆਏ ਦਿਨ ਲੋਕ ਸੰਪਰਕ ਵਿਭਾਗ ਰਾਹੀਂ ਧੜਾਧੜ ਪ੍ਰੈੱਸ ਨੋਟ ਜਾਰੀ ਕੀਤੇ ਜਾਂਦੇ ਹਨ ਜੋ ਅਖ਼ਬਾਰੀ ਸੁਰਖ਼ੀਆਂ ਬਣਦੇ ਹਨ ਪਰ ਅਸਲ ਵਿਚ ਜਾਰੀ ਹੁਕਮਾਂ ਦੀ ਜ਼ਮੀਨੀ ਪੱਧਰ 'ਤੇ ਕਿੰਨੀ ਨੂੰ ਪੈਰਵੀ ਹੋਈ ਹੈ, ਇਸ ਦੀ ਪੈੜ ਨੱਪਣ ਵਿਚ ਅਫ਼ਸਰਸ਼ਾਹੀ ਅਕਸਰ ਨਾਕਾਮ ਹੋ ਜਾਂਦੀ ਹੈ | ਜਿਸ ਦੀ ਤਾਜ਼ਾ ਮਿਸਾਲ 28 ਜਨਵਰੀ 2026 ਨੂੰ ਜਾਰੀ ਪ੍ਰੈੱਸ ਬਿਆਨ 'ਚ ਵਧੀਕ ਜ਼ਿਲ੍ਹਾ ਮੈਜਿਸਟਰੇਟ (ਤਤਕਾਲੀ ) ਡਾ. ਨਿਧੀ ਕੁਮੁਦ ਬੰਬਾਹ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਫ਼ਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ, ਪੁਰਾਣਾ ਕੱਚਾ ਜ਼ੀਰਾ ਰੋਡ, ਮੱਖੂ ਗੇਟ, ਮੁਲਤਾਨੀ ਗੇਟ, ਕਸੂਰੀ ਗੇਟ, ਖਾਈ ਅੱਡਾ, ਦਿੱਲੀ ਗੇਟ, ਬਗ਼ਦਾਦੀ ਗੇਟ, ਸ਼ਹੀਦ ਊਧਮ ਸਿੰਘ ਚੌਕ ਅਤੇ ਬਾਬਾ ਨਾਮ ਦੇਵ ਚੌਕ ਦੇ ਅੰਦਰ ਸਵੇਰੇ 8:00 ਵਜੇ ਤੋਂ ਸ਼ਾਮ 8:00 ਵਜੇ ਤੱਕ ਭਾਰੀ ਵਾਹਨਾਂ ਜਿਵੇਂ ਕਿ ਟਰੱਕ, ਟਰੈਕਟਰ, ਟਰਾਲੀਆਂ ਅਤੇ ਭਾਰੀ ਲੋਡ ਵਾਲੇ ਵਾਹਨਾਂ ਦੀ ਐਂਟਰੀ 'ਤੇ ਪਾਬੰਦੀ ਲਗਾਈ ਗਈ ਸੀ | ਇਸ ਹੁਕਮ ਉਪਰੰਤ ਥੋੜ੍ਹੇ ਦਿਨ ਜਾਮ ਵਾਲੇ ਖੇਤਰਾਂ ਵਿਚ ਟਰੈਫ਼ਿਕ ਪੁਲਿਸ ਵੱਲੋਂ ਸਖ਼ਤੀ ਵੇਖਣ ਨੂੰ ਮਿਲੀ ਪਰ ਹਾਲਾਤ ਫਿਰ ਪਹਿਲਾਂ ਵਰਗੇ ਹੋ ਗਏ | ਪਾਬੰਦੀ ਦੇ ਬਾਵਜੂਦ ਵੱਡੇ ਭਾਰੀ ਵਾਹਨਾਂ ਦੀ ਆਵਾਜਾਈ ਲਗਾਤਾਰ ਜਾਰੀ ਹੈ | ਜਿਸ ਨਾਲ ਆਏ ਦਿਨ ਟਰੈਫ਼ਿਕ ਜਾਮ ਹੋਣ ਨਾਲ ਲੋਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਖ਼ਾਸ ਕਰਕੇ ਮੁਲਤਾਨੀ ਗੇਟ ਅਤੇ ਖਾਈ ਵਾਲ ਅੱਡਾ ਏਰੀਏ ਵਿਚ ਸੜਕਾਂ ਦੇ ਦੋਨਾਂ ਪਾਸਿਆਂ ਤੇ ਨਜਾਇਜ਼ ਕਬਜ਼ਿਆਂ ਕਰਕੇ ਜਿੱਥੇ ਸੜਕ ਦੀ ਚੌੜਾਈ ਘਟ ਗਈ ਹੈ ਉੱਥੇ ਨਾਲ ਟਰੈਫ਼ਿਕ ਜਾਮ ਰਹਿੰਦੀ ਹੈ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਨਾਲ ਲੱਗਾ ਜਾਮ ਕਈ ਵਾਰ ਹਾਦਸੇ ਦਾ ਕਾਰਨ ਵੀ ਬਣਦਾ ਹੈ | ਇੱਥੇ ਦੱਸਣਾ ਬਣਦਾ ਹੈ ਕਿ ਫ਼ਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ, ਪੁਰਾਣਾ ਕੱਚਾ ਜ਼ੀਰਾ ਰੋਡ, ਮੱਖੂ ਗੇਟ, ਮੁਲਤਾਨੀ ਗੇਟ, ਕਸੂਰੀ ਗੇਟ, ਖਾਈ ਅੱਡਾ, ਦਿੱਲੀ ਗੇਟ, ਬਗ਼ਦਾਦੀ ਗੇਟ, ਸ਼ਹਿਦ ਊਧਮ ਸਿੰਘ ਚੌਕ ਅਤੇ ਬਾਬਾ ਨਾਮ ਦੇਵ ਚੌਕ ਆਦਿ ਇਲਾਕਿਆਂ ਵਿਚ ਅਕਸਰ ਟਰੈਫ਼ਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ | ਇਸ ਤੋਂ ਇਲਾਵਾ ਸ਼ਹਿਰ ਅੰਦਰ ਹਸਪਤਾਲ ਹੋਣ ਕਾਰਨ ਐਂਬੂਲੈਂਸਾਂ ਦੇ ਜਾਮ ਵਿਚ ਫਸਣ ਨਾਲ ਮਰੀਜ਼ਾਂ ਨੂੰ ਹਸਪਤਾਲ ਪਹੁੰਚਣ ਵਿੱਚ ਵੀ ਦੇਰੀ ਹੁੰਦੀ ਹੈ |