27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਹਾਈਵੇ 'ਤੇ ਰਾਤ ਨੂੰ ਬਿਨਾਂ ਰਿਫਲੈਕਸ਼ਨ ਦੌੜ ਰਹੀਆਂ ਟਰਾਲੀਆਂ ਕਾਰਨ ਵਧ ਰਿਹੈ ਹਾਦਸਿਆਂ ਦਾ ਖ਼ਤਰਾ

ਅਜੀਤ ਡੈਸਕ 02-03-2026
ਫ਼ਿਰੋਜ਼ਪੁਰ,1 ਮਾਰਚ (ਸੁਖਵਿੰਦਰ ਸਿੰਘ)-ਹਾਈਵੇ 'ਤੇ ਰਾਤ ਦੇ ਸਮੇਂ ਟਰੈਕਟਰ- ਟਰਾਲੀਆਂ ਦੀ ਲਾਪ੍ਰਵਾਹੀ ਨੇ ਟਰੈਫਿਕ ਸੁਰੱਖਿਆ ਪ੍ਰਬੰਧਾਂ ਦੀ ਹਕੀਕਤ ਬੇਨਕਾਬ ਕਰ ਦਿੱਤੀ ਹੈ | ਰਾਤ ਸਮੇਂ ਖਿੱਚੀ ਗਈ ਇਕ ਤਸਵੀਰ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਟਰਾਲੀ ਦੇ ਪਿੱਛੇ ਨਾ ਕੋਈ ਰਿਫਲੈਕਸ਼ਨ ਸਟਿੱਕਰ ਲੱਗਾ ਹੈ, ਨਾ ਹੀ ਕੋਈ ਚੇਤਾਵਨੀ ਨਿਸ਼ਾਨ, ਲਾਲ ਕੱਪੜਾ ਜਾਂ ਸੁਰੱਖਿਆ ਚੇਨ ਜਿਸ ਕਾਰਨ ਪਿੱਛੋਂ ਆ ਰਹੇ ਵਾਹਨਾਂ ਲਈ ਅਚਾਨਕ ਸਾਹਮਣੇ ਆਈ ਟਰਾਲੀ ਕਿਸੇ ਵੀ ਵੇਲੇ ਮੌਤ ਦਾ ਕਾਰਨ ਬਣ ਸਕਦੀ ਹੈ | ਰਾਤ ਦੇ ਸਮੇਂ ਜਾਂ ਮੌਸਮ ਦੀ ਤਬਦੀਲੀ ਵਿਚ ਦਿੱਖ ਘੱਟ ਹੋਣ ਕਾਰਨ ਐਸੀ ਲਾਪਰਵਾਹੀ ਘਾਤਕ ਸਾਬਤ ਹੋ ਸਕਦੀ ਹੈ | ਪਹਿਲਾਂ ਵੀ ਹਾਈਵੇ 'ਤੇ ਰਿਫਲੈਕਸ਼ਨ ਨਾ ਹੋਣ ਕਰਕੇ ਕਈ ਵਾਹਨ ਟਰਾਲੀਆਂ ਨਾਲ ਟਕਰਾ ਚੁੱਕੇ ਹਨ | ਕੁਝ ਮਾਮਲਿਆਂ ਵਿੱਚ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਤੱਕ ਗਵਾਉਣੀਆਂ ਪਈਆਂ ਪਰ ਇਸ ਦੇ ਬਾਵਜੂਦ ਨਾ ਤਾਂ ਟਰਾਲੀ ਮਾਲਕ ਸੰਭਲ ਰਹੇ ਹਨ ਅਤੇ ਨਾ ਹੀ ਸੰਬੰਧਿਤ ਵਿਭਾਗ ਵਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਸਥਾਨਕ ਨਿਵਾਸੀਆਂ ਨੇ ਗੁੱਸਾ ਜਤਾਉਂਦੇ ਹੋਏ ਕਿਹਾ ਕਿ ਪ੍ਰਸ਼ਾਸਨ ਅਤੇ ਟਰੈਫਿਕ ਵਿਭਾਗ ਨੂੰ ਰਾਤ ਸਮੇਂ ਖ਼ਾਸ ਮੁਹਿੰਮ ਚਲਾ ਕੇ ਸੜਕਾਂ 'ਤੇ ਚੱਲ ਰਹੀਆਂ ਟਰੈਕਟਰ-ਟਰਾਲੀਆਂ ਦੀ ਜਾਂਚ ਕਰਨੀ ਚਾਹੀਦੀ ਹੈ | ਬਿਨਾਂ ਰਿਫਲੈਕਸ਼ਨ ਜਾਂ ਚੇਤਾਵਨੀ ਨਿਸ਼ਾਨ ਵਾਲੀਆਂ ਟਰਾਲੀਆਂ 'ਤੇ ਮੋਟੇ ਜੁਰਮਾਨੇ ਲਗਾਏ ਜਾਣ ਅਤੇ ਜ਼ਰੂਰਤ ਪੈਣ 'ਤੇ ਵਾਹਨ ਜ਼ਬਤ ਵੀ ਕੀਤੇ ਜਾਣ | ਕੜੀ ਕਾਰਵਾਈ ਨਾਲ ਹੀ ਇਸ ਲਾਪਰਵਾਹੀ 'ਤੇ ਅੰਕੁਸ਼ ਲੱਗ ਸਕਦਾ ਹੈ | ਸਮਾਜ ਸੇਵੀ ਸੰਸਥਾਵਾਂ ਅਤੇ ਯੂਥ ਕਲੱਬਾਂ ਨੂੰ ਵੀ ਅੱਗੇ ਆ ਕੇ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ | ਜੇ ਟਰਾਲੀ ਦੇ ਪਿੱਛੇ ਰਿਫਲੈਕਸ਼ਨ ਸਟਿੱਕਰ, ਲਾਲ ਲਾਈਟ ਜਾਂ ਚੇਤਾਵਨੀ ਨਿਸ਼ਾਨ ਲਗਾ ਦਿੱਤੇ ਜਾਣ ਤਾਂ ਪਿੱਛੋਂ ਆ ਰਹੇ ਵਾਹਨ ਚਾਲਕ ਪਹਿਲਾਂ ਹੀ ਸਾਵਧਾਨ ਹੋ ਸਕਦੇ ਹਨ ਅਤੇ ਵੱਡੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ | ਜੇਕਰ ਸਮੇਂ ਸਿਰ ਇਸ ਮਸਲੇ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਇਹ ਰੋਡ ਕਿਸੇ ਹੋਰ ਦਰਦਨਾਕ ਘਟਨਾ ਦਾ ਗਵਾਹ ਬਣ ਸਕਦਾ ਹੈ |
ਪਿਛਲੀ ਖ਼ਬਰ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਂਗਰਸ ਨੇ ਫੂਕਿਆ ਸੂਬਾ ਸਰਕਾਰ ਦਾ ਪੁਤਲਾ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਵਲੋਂ ਟਰੈਫ਼ਿਕ ਵਿਵਸਥਾ ਸਬੰਧੀ ਹੁਕਮ ਸਿਰਫ਼ ਅਖ਼ਬਾਰੀ ਸੁਰਖ਼ੀਆਂ ਤੱਕ ਸੀਮਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।