19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਜੀ.ਆਰ.ਪੀ.ਫਿਰੋਜ਼ਪੁਰ ਨੇ ਟਰੇਨ ਵਿਚ ਛੁੱਟਿਆ ਗਹਿਣਿਆਂ ਅਤੇ ਨਕਦੀ ਵਾਲਾ ਬੈਗ ਮਾਲਕ ਨੂੰ ਸੌਂਪਿਆ

ਅਜੀਤ ਡੈਸਕ 13-04-2026
ਫ਼ਿਰੋਜ਼ਪੁਰ, 12 ਅਪ੍ਰੈਲ(ਰਾਕੇਸ਼ ਚਾਵਲਾ)-ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ (ਰੇਲਵੇ) ਪੰਜਾਬ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਤੇ ਉਪ ਕਪਤਾਨ ਪੁਲਿਸ, ਜੀ.ਆਰ.ਪੀ. ਜ਼ੋਨਲ ਫਿਰੋਜ਼ਪੁਰ ਦੀ ਨਿਗਰਾਨੀ ਹੇਠ, ਥਾਣਾ ਰੇਲਵੇ ਪੁਲਿਸ ਫਿਰੋਜ਼ਪੁਰ ਨੇ ਮੁਸਾਫ਼ਰਾਂ ਦੀ ਸੇਵਾ ਅਤੇ ਸੁਰੱਖਿਆ ਦੀ ਇਕ ਬੇਮਿਸਾਲ ਉਦਾਹਰਨ ਪੇਸ਼ ਕੀਤੀ ਹੈ | ਪੁਲਿਸ ਟੀਮ ਨੇ ਚੈਕਿੰਗ ਦੌਰਾਨ ਮਿਲੇ ਕੀਮਤੀ ਸਾਮਾਨ ਨਾਲ ਭਰੇ ਬੈਗ ਨੂੰ ਉਸ ਦੇ ਅਸਲ ਮਾਲਕ ਤੱਕ ਪਹੁੰਚਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ | ਜਾਣਕਾਰੀ ਅਨੁਸਾਰ ਸੱਤਿਆ ਪ੍ਰਕਾਸ਼ ਵਰਮਾ ਆਪਣੀ ਪਤਨੀ ਸ਼ੀਲਮ ਨਾਲ ਟਰੇਨ ਨੰਬਰ 13307 ਧੰਨਬਾਦ ਐਕਸਪੈੱ੍ਰਸ ਵਿਚ ਸਫ਼ਰ ਕਰ ਰਹੇ ਸਨ | ਜਦੋਂ ਉਹ ਢੰਡਾਰੀ ਕਲਾਂ ਸਟੇਸ਼ਨ 'ਤੇ ਉੱਤਰੇ ਤਾਂ ਜਲਦਬਾਜ਼ੀ ਵਿਚ ਆਪਣੇ ਚਾਰ ਬੈਗਾਂ ਵਿਚੋਂ ਇਕ ਬੈਗ ਟਰੇਨ ਵਿਚ ਹੀ ਭੁੱਲ ਗਏ | ਸੱਤਿਆ ਪ੍ਰਕਾਸ਼ ਨੇ ਤੁਰੰਤ ਰੇਲਵੇ ਹੈਲਪ ਲਾਈਨ ਨੰਬਰ 139 'ਤੇ ਆਪਣੀ ਸ਼ਿਕਾਇਤ ਦਰਜ ਕਰਵਾਈ | ਸ਼ਿਕਾਇਤ ਮਿਲਦੇ ਹੀ ਜੀ.ਆਰ.ਪੀ. ਫਿਰੋਜ਼ਪੁਰ ਦੀ ਟੀਮ ਹਰਕਤ ਵਿੱਚ ਆ ਗਈ | ਰੁਟੀਨ ਚੈਕਿੰਗ ਦੌਰਾਨ ਏ.ਐੱਸ.ਆਈ. ਵਧਾਵਾ ਸਿੰਘ, ਕਾਂਸਟੇਬਲ ਸੁਨੀਲ ਕੁਮਾਰ, ਮਹਿਲਾ ਹੈੱਡ ਕਾਂਸਟੇਬਲ ਪਰਵਿੰਦਰ ਕੌਰ, ਪੀ.ਐੱਚ.ਜੀ. ਹਰੀਸ਼ ਕੁਮਾਰ, ਅਜੈ ਕੁਮਾਰ ਅਤੇ ਬਲਵਿੰਦਰ ਸਿੰਘ ਦੀ ਟੀਮ ਵਲੋਂ ਉਕਤ ਬੈਗ ਬਰਾਮਦ ਕੀਤਾ ਗਿਆ | ਪੂਰੀ ਤਸਦੀਕ ਕਰਨ ਉਪਰੰਤ ਇਹ ਬੈਗ ਸਹੀ ਸਲਾਮਤ ਹਾਲਤ ਵਿਚ ਸੱਤਿਆ ਪ੍ਰਕਾਸ਼ ਵਰਮਾ ਦੇ ਹਵਾਲੇ ਕਰ ਦਿੱਤਾ ਗਿਆ | ਬਰਾਮਦ ਕੀਤੇ ਗਏ ਬੈਗ ਵਿਚ 7,000 ਰੁਪਏ ਨਗਦ, 2 ਸੋਨੇ ਦੇ ਝੁਮਕੇ, 1 ਮੰਗਲ ਸੂਤਰ ਅਤੇ ਕੀਮਤੀ ਕੱਪੜੇ ਮੌਜੂਦ ਸਨ | ਆਪਣਾ ਗੁਆਚਿਆ ਹੋਇਆ ਕੀਮਤੀ ਸਾਮਾਨ ਅਤੇ ਗਹਿਣੇ ਵਾਪਸ ਮਿਲਣ 'ਤੇ ਸੱਤਿਆ ਪ੍ਰਕਾਸ਼ ਨੇ ਜੀ.ਆਰ.ਪੀ. ਫਿਰੋਜ਼ਪੁਰ ਦੀ ਪੁਲਿਸ ਟੀਮ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਪੁਲਿਸ ਦੀ ਇਸ ਮੁਸਤੈਦੀ ਨੇ ਜਨਤਾ ਦਾ ਪੁਲਿਸ ਪ੍ਰਸ਼ਾਸਨ 'ਤੇ ਭਰੋਸਾ ਹੋਰ ਮਜ਼ਬੂਤ ਕੀਤਾ ਹੈ |
ਪਿਛਲੀ ਖ਼ਬਰ ਮਮਦੋਟ ਦੀ ਅਨਾਜ ਮੰਡੀ ਵਿਚ ਕਣਕ ਦੀ ਫ਼ਸਲ ਦੀ ਆਮਦ ਹੋਈ ਸ਼ੁਰੂ ਅਗਲੀ ਖ਼ਬਰ ਅਕਾਲੀ ਆਗੂ ਵਰਦੇਵ ਸਿੰਘ ਸਿੰਘ ਨੋਨੀ ਮਾਨ ਡੇਰਾ ਸ੍ਰੀ ਭਜਨਗੜ੍ਹ ਵਿਖੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।