18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕਣਕ ਦੀ ਚੁਕਾਈ ਨਾ ਹੋਣ ਕਰਕੇ ਅਨਾਜ ਮੰਡੀਆਂ 'ਚ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ

ਅਜੀਤ ਡੈਸਕ 03-05-2026
ਤਲਵੰਡੀ ਭਾਈ, 2 ਮਈ (ਕੁਲਜਿੰਦਰ ਸਿੰਘ ਗਿੱਲ)-ਸਰਕਾਰ ਵਲੋਂ ਕਣਕ ਦੇ ਸੀਜ਼ਨ ਦੌਰਾਨ ਖ਼ਰੀਦ ਪ੍ਰਕਿਰਿਆ ਨੂੰ ਚੁਸਤ ਦਰੁਸਤ ਢੰਗ ਨਾਲ ਚਲਾਉਣ ਦੇ ਦਾਅਵੇ ਕੀਤੇ ਗਏ ਸਨ ਅਤੇ ਐਲਾਨ ਕੀਤਾ ਗਿਆ ਸੀ ਕਿ 01 ਅਪ੍ਰੈਲ ਤੋਂ ਖ਼ਰੀਦ ਆਰੰਭ ਕਰਕੇ ਮੰਡੀਆਂ ਵਿਚ ਪੁੱਜੀ ਕਰਨ ਦੀ ਨਾਲੋਂ ਨਾਲ ਤੁਲਾਈ, ਚੁਕਾਈ ਕਰਨ ਤੋਂ ਇਲਾਵਾ ਸਮੇਂ ਸਿਰ ਅਦਾਇਗੀ ਕਰਕੇ ਫਸਲ ਦੀ ਵੱਟਤ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ | ਪ੍ਰੰਤੂ ਖ਼ਰੀਦ ਪ੍ਰਕਿਰਿਆ ਕਰੀਬ 18 ਦਿਨ ਪਛੜ ਕੇ ਆਰੰਭ ਹੋਈ ਅਤੇ ਹੁਣ ਭਾਵੇਂ ਕਿਸਾਨ ਫਸਲ ਵੇਚ ਕੇ ਵਿਹਲੇ ਹੋ ਚੁੱਕੇ ਹਨ ਪ੍ਰੰਤੂ ਮੰਡੀਆਂ ਵਿੱਚੋਂ ਖ਼ਰੀਦੀ ਗਈ ਕਣਕ ਦੀ ਚੁਕਾਈ ਕਰਵਾਉਣ ਦੇ ਪ੍ਰਬੰਧ ਦਰੁਸਤ ਨਾ ਹੋਣ ਕਰਕੇ ਮੰਡੀਆਂ ਅੰਦਰ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ, ਜਦਕਿ ਦੂਜੇ ਪਾਸੇ ਵੇਚੀ ਗਈ ਕਣਕ ਦੀ ਅਦਾਇਗੀ ਵੀ ਦਰੁਸਤ ਢੰਗ ਨਾਲ ਨਹੀਂ ਹੋ ਰਹੀ | ਤਮਾਮ ਆੜ੍ਹਤੀਆਂ ਨੇ ਦੱਸਿਆ ਕਿ ਕਣਕ ਦੀ ਅਦਾਇਗੀ 15-15 ਦਿਨ ਨਹੀਂ ਹੋ ਰਹੀ | ਜਿਸ ਕਾਰਨ ਕਿਸਾਨ ਆੜ੍ਹਤੀਆਂ ਕੋਲ ਗੇੜੇ ਮਾਰ ਕੇ ਜਲਦੀ ਪੈਸਿਆਂ ਦੀ ਮੰਗ ਕਰ ਰਹੇ ਹਨ | ਤਲਵੰਡੀ ਭਾਈ ਖੇਤਰ ਦੀਆਂ ਮੰਡੀਆਂ ਅੰਦਰ ਕਣਕ ਦੀ ਚੁਕਾਈ ਤੇ ਨਜ਼ਰ ਮਾਰੀਏ ਖ਼ਰੀਦੀ ਗਈ ਕਣਕ ਦੀ ਚੁਕਾਈ ਦੀ ਚਾਲ ਬੇਹੱਦ ਮੱਧਮ ਹੈ | ਮਿਲੇ ਵੇਰਵੇ ਅਨੁਸਾਰ ਮਾਰਕੀਟ ਕਮੇਟੀ ਤਲਵੰਡੀ ਭਾਈ ਅਧੀਨ ਆਉਂਦੀ ਅਨਾਜ ਮੰਡੀ ਤੋਂ ਇਲਾਵਾ 14 ਪੇਂਡੂ ਖ਼ਰੀਦ ਕੇਂਦਰਾਂ ਅਤੇ 37 ਪ੍ਰਾਈਵੇਟ ਮੰਡੀ ਯਾਰਡਾਂ ਅੰਦਰ 30 ਅਪ੍ਰੈਲ ਤੱਕ 10 ਲੱਖ 72 ਹਜਾਰ 427 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਗਈ | ਜਿਸ ਵਿਚੋਂ 7 ਲੱਖ 46 ਹਜਾਰ 997 ਕੁਇੰਟਲ ਕਣਕ ਦੀ ਚੁਕਾਈ ਨਹੀਂ ਹੋਈ ਅਤੇ ਉਕਤ ਖ਼ਰੀਦੀ ਗਈ ਦਾਣਾ ਮੰਡੀਆਂ ਅੰਦਰ ਪਈ ਧੂੜ ਫੱਕ ਰਹੀ ਹੈ | ਕਣਕ ਦੀ ਚੁਕਾਈ ਨਾ ਹੋਣ ਕਰਕਟ ਆੜ੍ਹਤੀਏ ਪ੍ਰੇਸ਼ਾਨੀ ਦੇ ਆਲਮ ਵਿਚ ਹਨ | ਜਦਕਿ ਮਜ਼ਦੂਰ ਵਿਹਲੇ ਬੈਠ ਕੇ ਮੰਡੀਆਂ ਵਿਚ ਕਣਕ ਦੀਆਂ ਬੋਰੀਆਂ ਦੀ ਰਾਖੀ ਕਰ ਰਹੇ ਹਨ | ਜਿਸ ਕਾਰਨ ਮਜ਼ਦੂਰਾਂ ਦੀ ਕਿਰਤ ਪ੍ਰਭਾਵਿਤ ਹੋ ਰਹੀ ਹੈ ਅਤੇ ਉਹ ਵਿਹਲੇ ਬੈਠੇ ਖਾ ਤਾਂ ਰਹੇ ਹਨ ਪਰ ਮਜਬੂਰੀ ਵੱਸ ਹੋਰ ਕੰਮ ਨਹੀਂ ਕਰ ਸਕਦੇ |
ਪਿਛਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਨੇ ਮਜ਼ਦੂਰ ਦਿਵਸ ਮਨਾਇਆ ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ 'ਤੇ ਨਸ਼ਾ ਖ਼ਰੀਦਣ ਜਾ ਰਿਹਾ ਚੋਰ ਮੋਟਰਸਾਈਕਲ ਮਾਲਕਾਂ ਨੇ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।