ਫ਼ਿਰੋਜ਼ਪੁਰ, 15 ਮਈ (ਕੁਲਬੀਰ ਸਿੰਘ ਸੋਢੀ)-ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਕ ਨਵਜਾਤ ਬੱਚੇ ਦੀ ਹੋਈ ਮੌਤ ਦਾ ਮਾਮਲਾ ਗਰਮਾ ਗਿਆ ਹੈ | ਪਰਿਵਾਰ ਨੇ ਬੱਚੇ ਦੀ ਮੌਤ ਨੂੰ ਲੈ ਕੇ ਹਸਪਤਾਲ 'ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ ਤੇ ਪੀੜਤ ਪਰਿਵਾਰ ਵਲੋਂ ਇਨਸਾਫ ਲਈ ਪੁਲਿਸ ਨੂੰ ਗੁਹਾਰ ਲਗਾਈ ਗਈ ਹੈ | ਦੂਸਰੇ ਪਾਸੇ ਨਿੱਜੀ ਹਸਪਤਾਲ ਦੇ ਮਾਲਕ ਤੇ ਡਾਕਟਰ ਨੇ ਪਰਿਵਾਰ ਵਲੋਂ ਲਗਾਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਬੱਚੇ ਦੀ ਗੰਭੀਰ ਹਾਲਤ ਹੋਣ ਦੇ ਬਾਵਜੂਦ ਉੱਚ ਪੱਧਰੀ ਇਲਾਜ ਕਰਨ ਦੀ ਗੱਲ ਕਹਿੰਦੇ ਹੋਏ ਆਪਣਾ ਪੱਖ ਰੱਖਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ 1 ਮਈ ਨੂੰ ਕਿ੍ਸ਼ਨ ਗੋਪਾਲ ਪੁੱਤਰ ਰਜਿੰਦਰ ਕੁਮਾਰ ਵਾਸੀ ਫ਼ਿਰੋਜ਼ਪੁਰ ਸ਼ਹਿਰ ਦੇ ਘਰ ਬੇਟੇ ਨੇ ਜਨਮ ਲਿਆ ਸੀ, ਪਰ ਜਨਮ ਦੇ ਸਮੇਂ ਬੱਚੇ ਦੀ ਹਾਲਤ ਕਾਫ਼ੀ ਗੰਭੀਰ ਸੀ | ਉਕਤ ਬੱਚੇ ਨੂੰ ਸੰਧੂ ਬੱਚਿਆਂ ਦੇ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ | ਜਿਸ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ ਹੈ | ਬੱਚੇ ਦੀ ਮੌਤ ਦੇ ਸਦਮੇ ਵਿਚ ਆਏ ਪਰਿਵਾਰ ਵਲੋਂ ਹਸਪਤਾਲ ਦੇ ਅਮਲੇ ਉੱਪਰ ਇਲਾਜ ਦੌਰਾਨ ਲਾਪਰਵਾਹੀ ਦੇ ਦੋਸ਼ ਲਗਾਏ ਗਏ ਤੇ ਮਾਮਲਾ ਇੰਨਾ ਗਰਮਾ ਗਿਆ ਕਿ ਪਰਿਵਾਰ ਇਨਸਾਫ ਲੈਣ ਲਈ ਪੁਲਿਸ ਪਾਸ ਪਹੰੁਚ ਗਿਆ | ਇਸ ਸਬੰਧੀ ਜਦ ਬੱਚਿਆਂ ਵਾਲੇ ਸੰਧੂ ਹਸਪਤਾਲ ਦੇ ਮਾਲਕ ਡਾ. ਰਾਜਿੰਦਰ ਸਿੰਘ ਸੰਧੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਪਰਿਵਾਰ ਵਲੋਂ ਲਗਾਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਬੱਚੇ ਦਾ ਜਨਮ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਹੋਇਆ ਸੀ, ਜਿਸ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਰਕੇ ਬੱਚੇ ਨੂੰ ਸਾਡੇ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ | ਬੱਚੇ ਦੀ ਨਾਜ਼ਕ ਹਾਲਤ ਸਬੰਧੀ ਪਰਿਵਾਰ ਨੂੰ ਸਮੇਂ-ਸਮੇਂ 'ਤੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਰਹੀ ਹੈ ਪਰ ਇਲਾਜ ਦੇ ਬਾਵਜੂਦ ਬੱਚੇ ਦੀ ਮੌਤ ਹੋ ਗਈ ਹੈ | ਉਨ੍ਹਾਂ ਕਿਹਾ ਕਿ ਬੱਚੇ ਦੇ ਇਲਾਜ ਵਿਚ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ ਹੋਈ, ਫਿਰ ਵੀ ਪਰਿਵਾਰ ਨੂੰ ਇਲਾਜ ਸਬੰਧੀ ਕੋਈ ਸ਼ੰਕਾ ਹੈ ਤਾਂ ਉਸ ਦੀ ਜਾਂਚ ਕਰਵਾ ਸਕਦੇ ਹਨ | ਨਵਜਾਤ ਬੱਚੇ ਦੇ ਇਨਸਾਫ ਲਈ ਪੀੜਤ ਪਰਿਵਾਰ ਨੇ ਪੁਲਿਸ ਕੋਲ ਪਹੁੰਚ ਕੀਤੀ ਹੈ | ਇਸ ਬਾਬਤ ਏ.ਐੱਸ.ਆਈ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਵਲੋਂ ਦਿੱਤੇ ਬਿਆਨ ਲਿਖ ਲਏ ਹਨ ਤੇ ਬੱਚੇ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |