ਫਿਰੋਜ਼ਪੁਰ, 15 ਮਈ (ਸੁਖਵਿੰਦਰ ਸਿੰਘ)-ਬੀਤੀ ਰਾਤ ਆਈ ਤੇਜ਼ ਹਨੇਰੀ ਨੇ ਉਸ ਵੇਲੇ ਕਹਿਰ ਢਾਹ ਦਿੱਤਾ ਜਦੋਂ ਫਿਰੋਜ਼ਪੁਰ ਸ਼ਹਿਰ ਦੇ ਗੋਲ ਬਾਗ਼ ਸੋਕੜ ਨਹਿਰ ਨਜ਼ਦੀਕ ਘਰ ਵਿਚ ਮਰਗ (ਮੌਤ) ਹੋਣ ਕਾਰਨ ਰਿਸ਼ਤੇਦਾਰ ਇਕੱਠੇ ਬੈਠੇ ਹੋਏ ਸਨ | ਜਿਸ ਦੌਰਾਨ ਅਚਾਨਕ ਬਨੇਰੇ ਉੱਪਰ ਲੱਗੀ ਹੋਈ ਗਰਿੱਲ ਅਤੇ ਕੰਧ ਢਹਿ ਕੇ ਹੇਠਾਂ ਬੈਠੇ ਲੋਕਾਂ ਦੇ ਉੱਪਰ ਡਿਗ ਗਈ | ਜਿਸ ਕਾਰਨ ਹਾਦਸੇ ਵਿਚ ਕਈ ਰਿਸ਼ਤੇਦਾਰ ਗੰਭੀਰ ਜ਼ਖਮੀ ਹੋ ਗਏ ਜਿਨਾਂ ਨੂੰ ਤੁਰੰਤ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ | ਮਿ੍ਤਕ ਮੱਖਣ ਦੇ ਬੇਟੇ ਰੋਹਿਤ ਕੁਮਾਰ ਨੇ ਦੱਸਿਆ ਕਿ ਤੇਜ਼ ਹਨੇਰੀ ਦੇ ਕਾਰਨ ਇਹ ਸਾਰਾ ਹਾਦਸਾ ਵਾਪਰਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਜ਼ਖਮੀਆਂ ਵਿਚ ਮਨੋਜ ਕੁਮਾਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਰੀੜ੍ਹ ਦੀ ਹੱਡੀ ਕਰੈਕ ਹੋ ਗਈ | ਜਿਸ ਨੂੰ ਨਿੱਜੀ ਹਸਪਤਾਲ ਤੋਂ ਮੁੱਢਲੀ ਸਹਾਇਤਾ ਦੇ ਕੇ ਅੰਮਿ੍ਤਸਰ ਰੈਫ਼ਰ ਕਰ ਦਿੱਤਾ ਗਿਆ | ਆਕਾਸ਼ ਦੇ ਰੀੜ੍ਹ ਦੀ ਹੱਡੀ ਦੇ ਮਣਕੇ ਕਰੈਕ ਅਤੇ ਸਿਰ ਵਿਚ ਟਾਂਕੇ ਲੱਗੇ, ਨੂੰ ਮੁੱਢਲੀ ਸਹਾਇਤਾ ਦੇ ਕੇ ਅੰਮਿ੍ਤਸਰ ਰੈਫ਼ਰ ਕੀਤਾ ਗਿਆ | ਸੰਤੋਸ਼ ਕੁਮਾਰ ਦੀ ਰੀੜ੍ਹ ਦੀ ਹੱਡੀ ਕਰੈਕ ਹੋਣ ਕਾਰਨ ਡਾਕਟਰਾਂ ਵਲੋਂ ਮੁੱਢਲੀ ਸਹਾਇਤਾ ਦੇ ਕੇ ਉਸਨੂੰ ਬਠਿੰਡੇ ਰੈਫ਼ਰ ਕੀਤਾ ਗਿਆ ਅਤੇ ਓਮ ਪ੍ਰਕਾਸ਼ ਸਿਰ ਉੱਪਰ ਵੱਜਣ ਨਾਲ ਉਸ ਦਾ ਸਿਰ ਸਾਰਾ ਹੀ ਪਾਟ ਗਿਆ, ਦਾ ਇਲਾਜ ਬਾਗ਼ੀ ਹਸਪਤਾਲ ਵਿਖੇ ਚੱਲ ਰਿਹਾ ਹੈ | ਬੱਬਲੂ ਕੁਮਾਰ ਦੇ ਵੀ ਸਿਰ 'ਚ ਵੱਜਣ ਨਾਲ ਉਸ ਦੇ ਸਿਰ 'ਤੇ 10 ਟਾਂਕੇ ਲੱਗੇ | ਇਸ ਦਰਦਨਾਕ ਹਾਦਸੇ ਤੋਂ ਬਾਅਦ ਇਲਾਕੇ ਵਿਚ ਸੋਗ ਅਤੇ ਸਹਿਮ ਦਾ ਮਾਹੌਲ ਬਣ ਗਿਆ |