ਫ਼ਿਰੋਜ਼ਪੁਰ, 15 ਮਈ (ਕੁਲਬੀਰ ਸਿੰਘ ਸੋਢੀ)-ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਵਲੋਂ ਵਿਸ਼ਵ ਹਾਈਪਰਟੈਨਸ਼ਨ ਦਿਵਸ ਦੇ ਸੰਬੰਧ ਵਿਚ ਜ਼ਿਲ੍ਹੇ ਅੰਦਰ ਸਾਰੀਆਂ ਸਿਹਤ ਸੰਸਥਾਵਾਂ ਵਿਖੇ ਜਾਗਰੂਕਤਾ ਗਤੀਵਿਧੀਆਂ ਕਰਨ ਲਈ ਜਾਗਰੂਕਤਾ ਬੈਨਰ ਜਾਰੀ ਕੀਤਾ ਗਿਆ | ਜਾਣਕਾਰੀ ਦਿੰਦਿਆਂ ਡਾ. ਮੀਨਾਕਸ਼ੀ ਢੀਂਗਰਾ ਨੇ ਕਿਹਾ ਕਿ ਹਾਈਪਰਟੈਨਸ਼ਨ (ਬੀ.ਪੀ.) ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਹੈ ਜਿਵੇਂ ਕਿ ਸਟਰੋਕ, ਦਿਲ ਦੇ ਦੌਰੇ ਅਤੇ ਗੁਰਦੇ ਦੀ ਬਿਮਾਰੀ ਅਤੇ ਇਹ ਡਿਮੇਨਸ਼ੀਆ (ਦਿਮਾਗ਼ੀ ਕਮਜ਼ੋਰੀ) ਵਿਚ ਵੀ ਪ੍ਰਭਾਵ ਪਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕ ਜੋ ਹਾਈਪਰਟੈਨਸ਼ਨ ਤੋਂ ਪੀੜਤ ਹੁੰਦੇ ਹਨ, ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਬਿਮਾਰੀ ਨਾਲ ਗ੍ਰਸਤ ਹਨ | ਅਕਸਰ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਜਾਂ ਦੌਰਾ ਪੈਣ ਤੋਂ ਬਾਅਦ ਹੀ ਪਤਾ ਲੱਗਦਾ ਹੈ | ਇਸ ਲਈ ਲੋਕਾਂ ਵਿਚ ਹਾਈਪਰਟੈਨਸ਼ਨ ਬਾਰੇ ਜਾਗਰੂਕਤਾ ਵਧਾਉਣਾ ਹੈ, ਜਿਸ ਨੂੰ ਆਮ ਤੌਰ 'ਤੇ ਹਾਈ ਬਲੱਡ ਪ੍ਰੈਸ਼ਰ ਵੀ ਕਿਹਾ ਜਾਂਦਾ ਹੈ | ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਿਵੇਕ ਰਜੋਰਾ ਨੇ ਦੱਸਿਆ ਕਿ ਵਿਸ਼ਵ ਦੀ ਆਬਾਦੀ ਦਾ 30 ਪ੍ਰਤੀਸ਼ਤ ਤੋਂ ਵੱਧ ਆਬਾਦੀ ਹਾਈਪਰਟੈਨਸ਼ਨ ਤੋਂ ਪ੍ਰਭਾਵਿਤ ਹੈ | ਹਾਲਾਂਕਿ ਇਸ ਦਾ ਕੋਈ ਇਲਾਜ ਨਹੀਂ ਹੈ, ਦਵਾਈਆਂ ਦੀ ਵਰਤੋਂ ਅਤੇ ਜੀਵਨ ਸ਼ੈਲੀ ਵਿਚ ਤਬਦੀਲੀਆਂ ਕਰਨ ਨਾਲ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਹੋ ਸਕਦਾ ਹੈ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਨੇ ਦੱਸਿਆ ਕਿ ਜੀਵਨ ਸ਼ੈਲੀ ਵਿਚ ਮਹੱਤਵਪੂਰਨ ਤਬਦੀਲੀਆਂ, ਜਿਵੇਂ ਕਿ ਚੰਗੀ-ਸੰਤੁਲਿਤ ਖ਼ੁਰਾਕ, ਲੂਣ ਦੀ ਮਾਤਰਾ ਘੱਟ, ਸ਼ਰਾਬ ਦੀ ਵਰਤੋਂ ਨਾ ਕਰਨਾ, ਨਿਯਮਤ ਸਰੀਰਕ ਗਤੀਵਿਧੀ ਕਰਨਾ, ਤਣਾਅ ਦਾ ਪ੍ਰਬੰਧਨ ਕਰਨਾ, ਸਹੀ ਸਰੀਰਕ ਭਾਰ ਬਣਾ ਕੇ ਰੱਖਣਾ, ਸਿਗਰਟਨੋਸ਼ੀ ਨਾ ਕਰਨਾ, ਆਪਣੀਆਂ ਦਵਾਈਆਂ ਸਹੀ ਢੰਗ ਨਾਲ ਲੈਣਾ ਅਤੇ ਆਪਣੇ ਡਾਕਟਰ ਦੀ ਸਲਾਹ 'ਤੇ ਕੰਮ ਕਰਨਾ ਆਦਿ ਨਾਲ ਕਾਫ਼ੀ ਹੱਦ ਤੱਕ ਬਲੱਡ ਪ੍ਰੈਸ਼ਰ ਨੂੰ ਕਾਬੂ ਵਿਚ ਰੱਖਿਆ ਜਾ ਸਕਦਾ ਹੈ |