ਫ਼ਿਰੋਜ਼ਪੁਰ, 17 ਮਈ(ਰਾਕੇਸ਼ ਚਾਵਲਾ)-ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸੀ.ਆਈ.ਏ. ਸਟਾਫ਼ ਜ਼ੀਰਾ ਦੀ ਪੁਲਿਸ ਪਾਰਟੀ ਨੇ 206 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਇਹ ਕਾਰਵਾਈ ਗੁਪਤ ਸੂਚਨਾ ਦੇ ਅਧਾਰ 'ਤੇ ਚੁੰਗੀ ਨੰਬਰ 7 ਫ਼ਿਰੋਜ਼ਪੁਰ ਕੈਂਟ ਦੇ ਇਲਾਕੇ ਵਿਚ ਕੀਤੀ ਗਈ | ਫੜੇ ਗਏ ਮੁਲਜ਼ਮ ਦੀ ਪਛਾਣ ਬਲਕਾਰ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਜੋਂ ਹੋਈ ਹੈ, ਜੋ ਲੰਮੇ ਸਮੇਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦਾ ਸੀ | ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਸਟਾਫ਼ ਜ਼ੀਰਾ ਦੇ ਏ.ਐੱਸ.ਆਈ. ਬੋਹੜ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿਚ ਚੌਂਕ ਚੁੰਗੀ ਨੰਬਰ 7, ਫ਼ਿਰੋਜ਼ਪੁਰ ਕੈਂਟ ਵਿਖੇ ਮੌਜ਼ੂਦ ਸਨ | ਇਸੇ ਦੌਰਾਨ ਇਕ ਖ਼ਾਸ ਮੁਖ਼ਬਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਬਲਕਾਰ ਸਿੰਘ ਉਰਫ਼ ਮੁੱਖਾ ਵਾਸੀ ਪਿੰਡ ਭਾਵੜਾ ਆਜ਼ਮ ਸ਼ਾਹ, ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ, ਅੱਜ ਵੀ ਨਸ਼ੇ ਦੀ ਸਪਲਾਈ ਦੇਣ ਲਈ ਗਾਹਕਾਂ ਦੀ ਭਾਲ ਵਿਚ ਖੜ੍ਹਾ ਹੈ | ਮੁਖ਼ਬਰ ਨੇ ਦੱਸਿਆ ਕਿ ਮੁਲਜ਼ਮ ਚੌਂਕ ਚੁੰਗੀ ਨੰਬਰ 7 ਤੋਂ ਖੂਹ ਚਾਹ ਪਾਸੀਆ ਵੱਲ ਜਾਂਦੀ ਸੜਕ 'ਤੇ ਬਣੇ ਬੇਆਬਾਦ ਕੁਆਰਟਰਾਂ ਦੇ ਨਜ਼ਦੀਕ ਕਿਸੇ ਗ੍ਰਾਹਕ ਦੀ ਉਡੀਕ ਕਰ ਰਿਹਾ ਹੈ | ਪੁਲਿਸ ਪਾਰਟੀ ਨੇ ਮੁਖ਼ਬਰ ਦੀ ਦੱਸੀ ਗਈ ਜਗ੍ਹਾ 'ਤੇ ਤੁਰੰਤ ਰੇਡ ਕਰਕੇ ਮੁਲਜ਼ਮ ਬਲਕਾਰ ਸਿੰਘ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿਚੋਂ 206 ਗ੍ਰਾਮ ਹੈਰੋਇਨ ਬਰਾਮਦ ਹੋਈ | ਏ.ਐੱਸ.ਆਈ. ਬੋਹੜ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਬਲਕਾਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |