02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਜਲੰਧਰ ਕਨਵੈਨਸ਼ਨ ਵਿਚ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਤੇ ਪੈਨਸ਼ਨਰ ਹੋਏ ਸ਼ਾਮਿਲ

ਅਜੀਤ ਡੈਸਕ 18-05-2026
ਫਿਰੋਜ਼ਪੁਰ, 17 ਮਈ (ਗੁਰਿੰਦਰ ਸਿੰਘ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਵਾਈ ਗਈ ਸੂਬਾਈ ਕਨਵੈੱਨਸ਼ਨ ਵਿਚ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ | ਜਥੇਬੰਦੀ ਦੇ ਸੂਬਾਈ ਆਗੂ ਕਿੱਕਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਕਿਸ਼ਨ ਚੰਦ ਜਾਗੋਵਾਲੀਆ ਨੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ | ਇਸ ਮੌਕੇ ਮੁੱਖ ਮਤਾ ਪੇਸ਼ ਕਰਦਿਆਂ ਮੰਗ ਕੀਤੀ ਗਈ ਕਿ ਕੱਚੇ, ਆਊਟਸੋਰਸਿੰਗ ਅਤੇ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਪੂਰੀਆਂ ਤਨਖ਼ਾਹਾਂ ਅਤੇ ਭੱਤਿਆਂ ਸਮੇਤ ਰੈਗੂਲਰ ਕੀਤਾ ਜਾਵੇ | ਇਸ ਤੋਂ ਇਲਾਵਾ ਜਨਵਰੀ 2016 ਤੋਂ ਤਨਖ਼ਾਹ ਅਤੇ ਪੈਨਸ਼ਨ ਦੁਹਰਾਈ ਲਈ 2.45 ਦੀ ਥਾਂ 2.59 ਗੁਣਾਂਕ ਲਾਗੂ ਕਰਨ, ਮਹਿੰਗਾਈ ਭੱਤੇ ਅਤੇ ਛੇਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਬਣਦਾ ਬਕਾਇਆ ਤੁਰੰਤ ਜਾਰੀ ਕਰਨ ਦੀ ਵੀ ਮੰਗ ਕੀਤੀ ਗਈ | ਆਗੂਆਂ ਨੇ ਮੰਗ ਕੀਤੀ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਕੇਂਦਰੀ ਸਕੇਲ ਦੀ ਥਾਂ ਪੰਜਾਬ ਸਕੇਲ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਮੁੜ ਲਾਗੂ ਕੀਤੀ ਜਾਵੇ ਅਤੇ ਪਰਖ ਕਾਲ ਦਾ ਸਮਾਂ ਤਿੰਨ ਸਾਲ ਤੋਂ ਘਟਾ ਕੇ ਇਕ ਸਾਲ ਕੀਤਾ ਜਾਵੇ | ਉਨ੍ਹਾਂ ਰੈਸ਼ਨਲਾਈਜ਼ੇਸ਼ਨ ਦੇ ਨਾਂ 'ਤੇ ਬੰਦ ਕੀਤੇ ਗਏ 37 ਭੱਤੇ ਤੁਰੰਤ ਬਹਾਲ ਕਰਨ ਦੀ ਵੀ ਮੰਗ ਉਠਾਈ | ਉਨ੍ਹਾਂ ਦੱਸਿਆ ਕਿ ਕਨਵੈੱਨਸ਼ਨ ਤੋਂ ਬਾਅਦ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਜਲੰਧਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਵੀ ਕੀਤਾ ਗਿਆ | ਇਸ ਦੌਰਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਪ੍ਰਤਾਪ ਸਿੰਘ ਢਿੱਲੋਂ, ਵਿਜੇ ਗੱਖੜ, ਗੁਰਨਾਮ ਸਿੰਘ ਸੁਧਾਰਾ, ਤਰਸੇਮ ਬੇਦੀ, ਜੋਗਿੰਦਰ ਸਿੰਘ, ਅਮਿਤ ਕੁਮਾਰ, ਬਿੱਕਰ ਸਿੰਘ, ਦਵਿੰਦਰ ਸਿੰਘ ਗਰਚਾ, ਡਾ. ਪ੍ਰਦੀਪ ਰਾਣਾ, ਰਮੇਸ਼ ਕੁਮਾਰ ਭੱਟੀ, ਬਲਵੀਰ ਸਿੰਘ ਗੋਖੀਵਾਲਾ, ਮੱਖਣ ਸਿੰਘ, ਮੁਖ਼ਤਿਆਰ ਸਿੰਘ, ਬਖਸ਼ੀਸ਼ ਸਿੰਘ, ਵਿਜੇ ਰਾਣਾ, ਜਸਵਿੰਦਰ ਸਿੰਘ, ਗੁਰਦੇਵ ਸਿੰਘ, ਚੰਦਰ ਮੋਹਨ, ਜਸਵੰਤ ਸਿੰਘ ਜ਼ੀਰਾ, ਸਰਬਜੀਤ ਸਿੰਘ, ਜਗਤਾਰ ਸਿੰਘ, ਮੰਗਤ ਸਿੰਘ, ਰਘਬੀਰ ਸਿੰਘ, ਮਹਿਲ ਸਿੰਘ ਅਤੇ ਚੰਨਣ ਸਿੰਘ ਸਮੇਤ ਹੋਰ ਆਗੂ ਅਤੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਬਾਰ੍ਹਵੇਂ ਦਿਨ ਵਿਚ ਹੋਈ ਦਾਖਲ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਪੈਟਰੋਲੀਅਮ ਕੀਮਤਾਂ 'ਚ ਵਾਧੇ ਨਾਲ ਆਮ ਜਨਤਾ ਤੇ ਕਿਸਾਨਾਂ 'ਤੇ ਪਵੇਗਾ ਆਰਥਿਕ ਬੋਝ- ਵਿਧਾਇਕ ਨਰੇਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।