ਫ਼ਿਰੋਜ਼ਪੁਰ, 19 ਮਈ(ਗੁਰਿੰਦਰ ਸਿੰਘ)-ਸਿਟੀ ਸਬ ਡਵੀਜ਼ਨ ਫ਼ਿਰੋਜ਼ਪੁਰ ਵਿਚ ਤਕਨੀਕੀ ਸਟਾਫ਼ ਦੀ ਡਿਊਟੀ ਨੂੰ ਲੈ ਕੇ ਵਿਵਾਦ ਗਹਿਰਾ ਗਿਆ ਹੈ | ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਉਪ ਮੰਡਲ ਅਫ਼ਸਰ (ਐੱਸ.ਡੀ.ਓ) ਮਨਦੀਪ ਸਿੰਘ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਦੇ ਹੋਏ ਮਨਮਰਜ਼ੀ ਨਾਲ ਫ਼ੈਸਲੇ ਲੈਣ ਦੇ ਦੋਸ਼ ਲਗਾਏ ਹਨ | ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਾਮਲੇ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ 21 ਮਈ ਤੋਂ ਪੂਰੀ ਡਿਵੀਜ਼ਨ ਦਾ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ | ਯੂਨੀਅਨ ਦਾ ਦੋਸ਼ ਹੈ ਕਿ ਝੋਨੇ ਦੇ ਆਉਣ ਵਾਲੇ ਸੀਜ਼ਨ ਦੌਰਾਨ ਸਖ਼ਤ ਮਿਹਨਤ ਤੋਂ ਬਚਾਉਣ ਲਈ ਫ਼ੀਲਡ ਵਿਚ ਕੰਮ ਕਰ ਰਹੇ ਕੁੱਝ ਮੁਲਾਜ਼ਮਾਂ ਨੂੰ ਦਫ਼ਤਰਾਂ ਅੰਦਰ ਤਾਇਨਾਤ ਕਰ ਦਿੱਤਾ ਗਿਆ ਹੈ | ਇਸ ਕਾਰਨ ਪਹਿਲਾਂ ਹੀ ਸਟਾਫ਼ ਦੀ ਕਮੀ ਨਾਲ ਜੂਝ ਰਹੇ ਫ਼ੀਲਡ ਅਮਲੇ 'ਤੇ ਵਾਧੂ ਬੋਝ ਪੈ ਗਿਆ ਹੈ | ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਸਟਾਫ਼ ਦੀ ਘਾਟ ਕਾਰਨ ਫ਼ੀਲਡ ਵਿਚ ਹਾਦਸਿਆਂ ਦਾ ਖ਼ਤਰਾ ਵੀ ਲਗਾਤਾਰ ਵੱਧ ਰਿਹਾ ਹੈ | ਇਸ ਮਸਲੇ ਸਬੰਧੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂਆਂ ਨੇ ਐੱਸ.ਡੀ.ਓ ਮਨਦੀਪ ਸਿੰਘ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਮੀਟਿੰਗ ਦੌਰਾਨ ਯੂਨੀਅਨ ਨੇ ਮੰਗ ਕੀਤੀ ਕਿ ਦਫ਼ਤਰਾਂ ਵਿਚ ਡਿਊਟੀ ਕਰ ਰਹੇ ਤਕਨੀਕੀ ਕਰਮਚਾਰੀਆਂ ਨੂੰ ਤੁਰੰਤ ਫ਼ੀਲਡ ਵਿਚ ਭੇਜਿਆ ਜਾਵੇ, ਤਾਂ ਜੋ ਬਿਜਲੀ ਸਪਲਾਈ ਪ੍ਰਬੰਧ ਪ੍ਰਭਾਵਿਤ ਨਾ ਹੋਣ | ਯੂਨੀਅਨ ਆਗੂਆਂ ਅਨੁਸਾਰ ਐੱਸ.ਡੀ.ਓ ਨੇ ਪਹਿਲਾਂ ਉਨ੍ਹਾਂ ਦੀ ਮੰਗ ਨਾਲ ਸਹਿਮਤੀ ਜਤਾਉਂਦਿਆਂ ਆਰਡਰ ਵੀ ਜਾਰੀ ਕਰ ਦਿੱਤੇ, ਪਰ ਕੁੱਝ ਸਮੇਂ ਬਾਅਦ ਹੀ ਉਹ ਹੁਕਮ ਵਾਪਸ ਲੈ ਲਏ ਗਏ | ਯੂਨੀਅਨ ਨੇ ਇਸ ਨੂੰ ਅਫ਼ਸਰ ਦਾ Tਯੂ-ਟਰਨUਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਮੁਲਾਜ਼ਮਾਂ ਵਿਚ ਭਾਰੀ ਰੋਸ ਪੈਦਾ ਹੋਇਆ ਹੈ | ਗ਼ੁੱਸੇ ਵਿਚ ਆਏ ਫ਼ੀਲਡ ਮੁਲਾਜ਼ਮਾਂ ਨੇ ਰੋਸ ਵਜੋਂ ਕੰਮ ਬੰਦ ਕਰ ਦਿੱਤਾ ਹੈ | ਯੂਨੀਅਨ ਦੇ ਸਿਟੀ ਪ੍ਰਧਾਨ ਰਾਜੇਸ਼ ਕੁਮਾਰ, ਰਣਬੀਰ ਸਿੰਘ, ਚਮਕੌਰ ਸਿੰਘ, ਰਾਜੇਸ਼ ਕੁਮਾਰ ਵਧਾਵਨ, ਸੁਖਦੇਵ ਸਿੰਘ ਅਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਗਰਮੀ ਦੇ ਮੌਸਮ ਵਿਚ ਜੇਕਰ ਫ਼ੀਲਡ ਸਟਾਫ਼ ਦਾ ਕੰਮ ਪ੍ਰਭਾਵਿਤ ਹੁੰਦਾ ਹੈ ਤਾਂ ਆਮ ਲੋਕਾਂ ਨੂੰ ਬਿਜਲੀ ਸਪਲਾਈ ਸੰਬੰਧੀ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਦੀ ਪੂਰੀ ਜ਼ਿੰਮੇਵਾਰੀ ਐੱਸ.ਡੀ.ਓ ਮਨਦੀਪ ਸਿੰਘ ਦੀ ਹੋਵੇਗੀ | ਆਗੂਆਂ ਨੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਸਥਿਤੀ ਨੂੰ ਸੰਭਾਲਿਆ ਜਾਵੇ ਅਤੇ ਦਫ਼ਤਰੀ ਮੁਲਾਜ਼ਮਾਂ ਨੂੰ ਮੁੜ ਫ਼ੀਲਡ ਡਿਊਟੀ 'ਤੇ ਭੇਜਿਆ ਜਾਵੇ, ਤਾਂ ਜੋ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਦੀ ਰਹੇ |