25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਮਾਮਲਾ ਆਰਤੀ ਢੀਂਗੜਾ ਦੇ ਕਾਗਜ਼ ਰੱਦ ਕਰਨ ਦਾ

ਅਜੀਤ ਡੈਸਕ 20-05-2026
ਤਲਵੰਡੀ ਭਾਈ, 19 ਮਈ (ਰਵਿੰਦਰ ਸਿੰਘ ਬਜਾਜ)-ਇੱਥੇ ਮੇਨ ਬਾਜ਼ਾਰ ਵਿਚ ਫੁਹਾਰਾ ਚੌਂਕ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਆਮ ਆਦਮੀ ਪਾਰਟੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਹਲਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਕਿਹਾ ਕਿ ਨਗਰ ਕੌਂਸਲ ਵਿਖੇ ਹੋ ਰਹੀਆਂ ਚੋਣਾਂ ਲਈ ਵਾਰਡ ਨੰਬਰ 12 ਤੋਂ ਸੰਜੀਵ ਢੀਂਗੜਾ ਦੀ ਪਤਨੀ ਸ੍ਰੀਮਤੀ ਆਰਤੀ ਢੀਂਗੜਾ ਦੇ ਕਾਗਜ਼ ਸ਼੍ਰੋਮਣੀ ਅਕਾਲੀ ਦਲ ਦੁਆਰਾ ਭਰੇ ਗਏ ਸਨ, ਜੋ ਕਿ ਪ੍ਰਸ਼ਾਸਨ ਵਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਕਹਿਣ 'ਤੇ ਰੱਦ ਕਰ ਦਿੱਤਾ ਗਿਆ ਜਦਕਿ ਢੀਂਗੜਾ ਪਰਿਵਾਰ ਸ਼ਹਿਰ ਵਿਚ ਪਿਛਲੇ 40 ਸਾਲ ਤੋਂ ਕੌਂਸਲਰ ਚੱਲੇ ਆ ਰਹੇ ਹਨ | ਸਾਬਕਾ ਵਿਧਾਇਕ ਜਿੰਦੂ ਨੇ ਕਿਹਾ ਕਿ ਇਹ ਕਾਗਜ਼ ਸਿਰਫ਼ ਇਸ ਕਰਕੇ ਰੱਦ ਕੀਤੇ ਗਏ ਹਨ ਕਿਉਂਕਿ ਜ਼ੀਰੇ ਤੋਂ ਹਲਕਾ ਵਿਧਾਇਕ ਨਰੇਸ਼ ਕੁਮਾਰ ਕਟਾਰੀਆ ਦੀ ਲੜਕੀ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਵਾਰਡ ਨੰਬਰ 12 ਤੋਂ ਖੜੀ ਹੋਈ ਹੈ ਅਤੇ ਹਲਕਾ ਵਿਧਾਇਕ ਰਜਨੀਸ਼ ਦਹੀਯਾ ਦੀ ਸਹਿਮਤੀ ਨਾਲ ਹੀ ਇਹ ਕਾਗਜ਼ ਰੱਦ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਅਸੀਂ ਇਸ ਵਿਰੁੱਧ ਹਾਈਕੋਰਟ ਵਿਚ ਕੇਸ ਕਰਕੇ ਇਸ ਸਮੇਂ ਦੇ ਮੌਜੂਦ ਅਫ਼ਸਰਾਂ ਸਣੇ ਕੇਸ ਦਰਜ ਕਰਵਾਵਾਂਗੇ | ਉਨ੍ਹਾਂ ਕਿਹਾ ਕਿ ਇੱਥੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਹੀ ਹਥਿਆਰ ਸੁੱਟ ਚੁੱਕੀ ਹੈ ਅਤੇ ਧੱਕੇਸ਼ਾਹੀਆਂ ਕਰ ਰਹੀ ਹੈ | ਜੋਗਿੰਦਰ ਸਿੰਘ ਜਿੰਦੂ ਨੇ ਕਿਹਾ ਕਿ ਕਾਗਜ਼ ਰੱਦ ਕਰਨ ਲਈ ਇਤਰਾਜ਼ ਲਗਾਇਆ ਗਿਆ ਹੈ ਕਿ ਧੀਂਗੜਾ ਪਰਿਵਾਰ ਦੀ ਦੁਕਾਨ ਦੇ ਬਾਹਰ ਥੜ੍ਹਾ ਹੈ, ਜਦਕਿ ਉਹ ਸਾਡੇ ਉਮੀਦਵਾਰ ਸ੍ਰੀਮਤੀ ਆਰਤੀ ਢੀਂਗੜਾ ਦੇ ਨਾਮ 'ਤੇ ਵੀ ਨਹੀਂ ਹੈ | ਉਨ੍ਹਾਂ ਕਿਹਾ ਕਿ ਤਲਵੰਡੀ ਭਾਈ ਦੀ ਅਜਿਹੀ ਦੁਕਾਨ ਦੱਸੋ, ਜਿਨ੍ਹਾਂ ਦੇ ਬਾਹਰ ਥੜੇ੍ਹ ਨਹੀਂ ਬਣੇ ਹੋਏ |
ਇਸ ਮੌਕੇ ਤਰਸੇਮ ਸਿੰਘ ਮੱਲਾ ਸਾਬਕਾ ਪ੍ਰਧਾਨ ਨਗਰ ਕੌਂਸਲ, ਰੁਪਿੰਦਰ ਸਿੰਘ ਮੋਨੂੰ ਸਾਬਕਾ ਪ੍ਰਧਾਨ ਨਗਰ ਕੌਂਸਲ, ਗੁਰਦਰਸ਼ਨ ਸਿੰਘ ਹੈਪੀ, ਭੁਪਿੰਦਰ ਸਿੰਘ ਭਾਨਾ, ਭੁਪਿੰਦਰ ਸਿੰਘ ਕਲਸੀ, ਗੁਰਦੀਪ ਸਿੰਘ ਦੀਪਾ ਘੜਿਆਲ, ਆਸ਼ੂ ਛਾਬੜਾ, ਚੰਚਲ ਬਾਂਸਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਸਮਰਥਕ ਸ਼ਾਮਿਲ ਸਨ |
ਪਿਛਲੀ ਖ਼ਬਰ ਅੱਤ ਦੀ ਗਰਮੀ 'ਚ ਬਿਜਲੀ ਕੱਟਾਂ ਨੇ ਲੋਕਾਂ ਨੂੰ ਕੀਤਾ ਪਰੇਸ਼ਾਨ ਅਗਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਭਗਵੰਤ ਮਾਨ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।