05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਫ਼ਿਰੋਜ਼ਪੁਰ ਮੰਡਲ ਵਲੋਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਮੌਕ ਡਰਿੱਲ ਦਾ ਆਯੋਜਨ

ਅਜੀਤ ਡੈਸਕ 30-05-2026
ਫਿਰੋਜ਼ਪੁਰ, 29 ਮਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਅਤੇ ਸੀਨੀਅਰ ਮੰਡਲ ਸੁਰੱਖਿਆ ਅਫ਼ਸਰ ਰੋਹਿਤ ਵਰਮਾ ਦੀ ਅਗਵਾਈ ਵਿਚ ਇਕ ਮੋਕ ਡਰਿੱਲ ਦਾ ਆਯੋਜਨ ਕੀਤਾ ਗਿਆ | ਇਸ ਦਾ ਮੁੱਖ ਮਕਸਦ ਐਮਰਜੈਂਸੀ ਹਾਲਾਤਾਂ ਵਿਚ ਰੇਲਵੇ ਕਰਮਚਾਰੀਆਂ ਵਲੋਂ ਮੁਸਤੈਦੀ ਨਾਲ ਕੀਤੇ ਜਾਣ ਵਾਲੇ ਕੰਮਾਂ ਦੀ ਪਰਖ ਅਤੇ ਮੁਲਾਂਕਣ ਕਰਨਾ ਹੈ | ਮੋਕ ਡਰਿੱਲ ਦਾ ਮੁੱਖ ਉਦੇਸ਼ ਰੇਲ ਕਰਮਚਾਰੀਆਂ ਨੂੰ ਹੰਗਾਮੀ ਸਥਿਤੀਆਂ ਜਿਵੇਂ ਕਿ ਟਰੇਨ ਹਾਦਸਾ, ਅੱਗ ਲੱਗਣਾ ਜਾਂ ਹੋਰ ਆਫ਼ਤਾਂ ਨਾਲ ਨਜਿੱਠਣ ਲਈ ਤਿਆਰ ਕਰਨਾ ਹੈ | ਇਹ ਮੋਕ ਡਰਿੱਲ 29 ਮਈ 2026 ਨੂੰ ਦੁਪਹਿਰ ਵੇਲੇ ਲੁਧਿਆਣਾ ਯਾਰਡ ਵਿਚ ਐੱਨ.ਡੀ.ਆਰ.ਐੱਫ. ਦੀ ਟੀਮ ਨਾਲ ਸਾਂਝੇ ਤੌਰ 'ਤੇ ਕੀਤੀ ਗਈ | ਅਭਿਆਸ ਦੇ ਤਹਿਤ ਇਹ ਦਿ੍ਸ਼ ਦਿਖਾਇਆ ਗਿਆ ਕਿ ਫ਼ੌਜ ਦੀ ਵਿਸ਼ੇਸ਼ ਰੈਕ (ਟਰੇਨ) ਦੇ ਸ਼ੰਟਿੰਗ ਕਾਰਜ ਦੌਰਾਨ ਇਕ ਕੋਚ ਦੀ ਟੱਕਰ ਗੈਰ-ਕਾਨੂੰਨੀ ਤਰੀਕੇ ਨਾਲ ਪਟੜੀ 'ਤੇ ਆਏ ਇੱਕ ਭਾਰੀ ਸੜਕੀ ਵਾਹਨ ਨਾਲ ਹੋ ਗਈ, ਜਿਸ ਕਾਰਨ ਕੋਚ ਨੁਕਸਾਨਿਆ ਗਿਆ, ਪਟੜੀ ਤੋਂ ਉਤਰ ਗਿਆ ਅਤੇ ਉਸ ਨੂੰ ਅੱਗ ਲੱਗ ਗਈ | ਕੋਚ ਵਿੱਚ ਸਵਾਰ ਲਗਭਗ 20 ਤੋਂ 25 ਮੇਨਟੇਨੈਂਸ ਕਰਮਚਾਰੀ ਅੰਦਰ ਫਸ ਗਏ | ਘਟਨਾ ਦੀ ਸੂਚਨਾ ਮਿਲਦਿਆਂ ਹੀ ਸਬੰਧਤ ਅਧਿਕਾਰੀਆਂ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਰਾਹਤ ਕਾਰਜਾਂ ਲਈ ਅੰਮਿ੍ਤਸਰ ਤੋਂ ਐੱਸ.ਪੀ.ਏ.ਆਰ.ਐੱਮ.ਵੀ ਅਤੇ ਏ.ਆਰ.ਟੀ. ਨੂੰ ਘਟਨਾ ਵਾਲੀ ਥਾਂ ਲਈ ਰਵਾਨਾ ਕੀਤਾ ਗਿਆ | ਐੱਨ.ਡੀ.ਆਰ.ਐੱਫ, ਆਰ.ਪੀ.ਐੱਫ. ਜੀ.ਆਰ.ਪੀ. ਅਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਅਤੇ ਸਾਰੇ ਪ੍ਰਭਾਵਿਤ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ | ਇਸ ਤੋਂ ਬਾਅਦ ਲਗਭਗ 40 ਮਿੰਟਾਂ ਵਿਚ ਕੋਚ ਨੂੰ ਮੁੜ ਪਟੜੀ 'ਤੇ ਚੜ੍ਹਾਉਣ ਦਾ ਕੰਮ ਪੂਰਾ ਕੀਤਾ ਗਿਆ | ਰੇਲ ਕਰਮਚਾਰੀਆਂ ਦੀ ਜਾਗਰੂਕਤਾ ਅਤੇ ਮੁਸਤੈਦੀ ਨੂੰ ਦੇਖਦੇ ਹੋਏ ਇਸ ਨੂੰ ਮੋਕ ਡਰਿੱਲ ਐਲਾਨਿਆ ਗਿਆ | ਉਪਰੋਕਤ ਮੋਕ ਡਰਿੱਲ ਦਾ ਮੁੱਖ ਮਕਸਦ ਆਪਾਤਕਾਲੀਨ ਸਥਿਤੀ ਦੌਰਾਨ ਰੇਲਵੇ ਦੇ ਵੱਖ-ਵੱਖ ਵਿਭਾਗਾਂ ਅਤੇ ਰਾਜ ਸਰਕਾਰ ਦੇ ਵੱਖ-ਵੱਖ ਅੰਗਾਂ ਜਿਵੇਂ ਕਿ ਫਾਇਰ ਬਿ੍ਗੇਡ, ਸਥਾਨਕ ਹਸਪਤਾਲ ਅਤੇ ਐੱਨ.ਡੀ.ਆਰ.ਐੱਫ. ਵਿਚਾਲੇ ਬਿਹਤਰ ਤਾਲਮੇਲ ਸਥਾਪਿਤ ਕਰਨਾ ਸੀ, ਤਾਂ ਜੋ ਸਾਂਝੇ ਯਤਨਾਂ ਰਾਹੀਂ ਰਾਹਤ ਅਤੇ ਮੁੜ-ਬਹਾਲੀ ਦੇ ਕੰਮਾਂ ਨੂੰ ਤੇਜ਼ੀ ਅਤੇ ਕੁਸ਼ਲਤਾ ਨਾਲ ਨੇਪਰੇ ਚਾੜਿ੍ਹਆ ਜਾ ਸਕੇ | ਇਸ ਮੋਕ ਡਰਿੱਲ ਵਿਚ ਐੱਨ.ਡੀ.ਆਰ.ਐੱਫ. ਦੀ 7ਵੀਂ ਬਟਾਲੀਅਨ ਬਠਿੰਡਾ ਅਤੇ 14ਵੀਂ ਬਟਾਲੀਅਨ ਜਸੂਰ (ਨੂਰਪੁਰ) ਨੇ ਸਰਗਰਮ ਰੂਪ ਵਿਚ ਸਾਂਝੀ ਹਿੱਸੇਦਾਰੀ ਨਿਭਾਈ | ਐੱਨ.ਡੀ.ਆਰ.ਐੱਫ. ਨੇ ਡਿਪਟੀ ਕਮਾਡੈਂਟ ਪੰਕਜ ਸ਼ਰਮਾ ਦੀ ਅਗਵਾਈ ਵਿਚ ਇਸ ਮੋਕ ਡਰਿੱਲ ਵਿਚ ਭਾਗ ਲਿਆ |
ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਵਿਚ ਮੌਜ਼ੂਦ ਅਧਿਕਾਰੀਆਂ ਨੇ ਦੱਸਿਆ ਕਿ ਮੋਕ ਡਰਿੱਲ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਰੇਲ ਕਰਮਚਾਰੀ ਮੁਸ਼ਕਿਲ ਹਾਲਾਤਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਆਪਣਾ ਕੰਮ ਕਰ ਸਕਣ ਅਤੇ ਮਾਨਸਿਕ ਤੇ ਸਰੀਰਕ ਦੋਵਾਂ ਤਰੀਕਿਆਂ ਨਾਲ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ | ਇਸ ਦੌਰਾਨ ਉਨ੍ਹਾਂ ਦਾ ਮੁੱਖ ਕੰਮ ਪ੍ਰਸ਼ਾਸਨ ਨੂੰ ਸਹੀ ਸਮੇਂ 'ਤੇ ਸੂਚਿਤ ਕਰਨਾ, ਮੈਡੀਕਲ ਅਤੇ ਪੈਰਾ-ਮੈਡੀਕਲ ਟੀਮ ਨੂੰ ਬੁਲਾਉਣਾ, ਜ਼ਖ਼ਮੀਆਂ ਦੀ ਮਦਦ ਕਰਨਾ ਅਤੇ ਮੁੱਢਲੀ ਸਹਾਇਤਾ (ਫਸਟ ਏਡ) ਪ੍ਰਦਾਨ ਕਰਨਾ ਆਦਿ ਹੈ | ਇਸ ਦੌਰਾਨ ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ ਭੁਪਿੰਦਰ, ਸਹਾਇਕ ਸੁਰੱਖਿਆ ਅਫ਼ਸਰ ਬਲੀ ਰਾਮ, ਸਹਾਇਕ ਇੰਜੀਨੀਅਰ ਲੁਧਿਆਣਾ ਮਨੋਜ ਕੁਮਾਰ ਮੀਨਾ ਅਤੇ ਸਟੇਸ਼ਨ ਡਾਇਰੈਕਟਰ ਆਦਿੱਤਿਆ ਮਹਿਰਾ ਸਮੇਤ ਹੋਰ ਅਧਿਕਾਰੀ ਵੀ ਮੌਕੇ 'ਤੇ ਮੌਜ਼ੂਦ ਸਨ |
ਪਿਛਲੀ ਖ਼ਬਰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਡੇਂਗੂ ਸੰਬੰਧੀ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਰਾਧੇ ਸ਼ਾਮ ਸੇਵਾ ਸੰਘ ਵਲੋਂ ਅਰਦਾਸ ਕੀਰਤਨ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।