ਫਿਰੋਜ਼ਪੁਰ, 3 ਜੂਨ (ਗੁਰਿੰਦਰ ਸਿੰਘ)-ਥਾਣਾ ਸਦਰ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਕੇ ਚੋਰੀ ਰੇਤਾ ਕਰਨ ਵਾਲੇ ਨੂੰ ਕਾਬੂ ਕਰਕੇ ਟਰੈਕਟਰ ਸਮੇਤ ਰੇਤਾ ਦੀ ਭਰੀ ਟਰਾਲੀ ਕਬਜ਼ੇ ਵਿਚ ਲਈ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਕਿਲੇ ਵਾਲਾ ਚੌਕ ਪਾਸ ਪੁੱਜੇ ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਵੇਦ ਪ੍ਰਕਾਸ਼ ਪੁੱਤਰ ਖ਼ੁਸ਼ੀ ਰਾਮ ਵਾਸੀ ਪਿੰਡ ਗਿੱਲਾਂ ਜੋ ਨਾਜਾਇਜ਼ ਮਾਈਨਿੰਗ ਕਰਕੇ ਚੋਰੀ ਦੀ ਰੇਤਾ ਵੇਚਦਾ ਹੈ, ਅੱਜ ਵੀ ਬਸਤੀ ਟੈਂਕਾਂ ਵਾਲੀ ਤੋਂ ਫ਼ਿਰੋਜਪੁਰ ਸ਼ਹਿਰ ਨੂੰ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮਿਲੀ ਇਤਲਾਹ 'ਤੇ ਤੁਰੰਤ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਇਕ ਟਰੈਕਟਰ ਸਮੇਤ ਰੇਤਾ ਦੀ ਭਰੀ ਟਰਾਲੀ ਕਬਜ਼ੇ ਵਿਚ ਲੈ ਲਈ ਹੈ, ਜਿਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਵਿਖੇ ਵੇਦ ਪ੍ਰਕਾਸ਼ ਪੁੱਤਰ ਖੁਸ਼ੀ ਰਾਮ ਵਾਸੀ ਪਿੰਡ ਗਿੱਲਾਂ ਖ਼ਿਲਾਫ਼ ਧਾਰਾ 331(2) ਬੀ ਐਨ ਐਸ, 21 ਮਾਈਨਿੰਗ ਐਡ ਮਿਨਰਲਜ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |