ਫ਼ਿਰੋਜ਼ਪੁਰ, 3 ਜੂਨ (ਕੁਲਬੀਰ ਸਿੰਘ ਸੋਢੀ)-ਸੂਬਾ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੇ ਠੇਕੇ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਦੇ ਰੋਸ ਵਿਚ ਸੂਬੇ ਭਰ ਵਿਚ ਬੀਤੇ ਦਿਨ ਤੋਂ ਸੇਵਾ ਕੇਂਦਰ ਦਾ ਕੰਮ ਠੱਪ ਕਰਕੇ ਧਾਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ, ਜੋ ਦੂਸਰੇ ਦਿਨ ਵਿਚ ਸ਼ਾਮਲ ਹੋ ਗਿਆ ਹੈ | ਜਿਸ ਦੇ ਚੱਲਦੇ ਸੇਵਾ ਕੇਂਦਰ ਮੁਲਾਜ਼ਮਾਂ ਦੇ ਹੱਕ ਵਿਚ ਨਿੱਤਰੀ ਮਿਸਲ ਸਤਲੁਜ ਜਥੇਬੰਦੀ ਦੇ ਜਨਰਲ ਸਕੱਤਰ ਦਵਿੰਦਰ ਪਾਲ ਸਿੰਘ ਸੇਖੋਂ ਵਿਸ਼ੇਸ਼ ਤੌਰ 'ਤੇ ਪਹੁੰਚੇ | ਜਿਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫ਼ਿਰੋਜ਼ਪੁਰ ਦੇ ਸੇਵਾ ਕੇਂਦਰਾਂ ਵਿਚ ਠੇਕੇ ਦੇ ਆਧਾਰ 'ਤੇ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਤਨਖ਼ਾਹਾਂ ਵਿਚ ਯੋਗ ਵਾਧਾ ਕੀਤਾ ਜਾਵੇ | ਸੇਖੋਂ ਨੇ ਮੌਜੂਦਾ ਠੇਕਾ ਪ੍ਰਣਾਲੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਪ੍ਰਣਾਲੀ ਕਰਮਚਾਰੀਆਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਕਰਮਚਾਰੀਆਂ ਦੇ ਹੱਕਾਂ ਦੀ ਰਾਖੀ ਲਈ ਲੋਕਤੰਤਰੀ ਢੰਗ ਨਾਲ ਆਵਾਜ਼ ਬੁਲੰਦ ਕੀਤੀ ਜਾਵੇਗੀ | ਇਸ ਮੌਕੇ ਮਿਸਲ ਸਤਲੁਜ ਦੇ ਮੀਤ ਪ੍ਰਧਾਨ ਹਰਦੀਪ ਸਿੰਘ ਡੋਡ, ਕਰਨੈਲ ਸਿੰਘ ਭਾਵੜਾ, ਐਡਵੋਕੇਟ ਕੁਲਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ, ਜਸਨੂਰ ਸਿੰਘ ਬਰਾੜ ਯੂਥ ਸਕੱਤਰ ਫ਼ਿਰੋਜ਼ਪੁਰ, ਪਿ੍ਤਪਾਲ ਸਿੰਘ, ਗੁਰਪ੍ਰੇਮ ਸਿੰਘ ਪਤਲੀ, ਜਸਪ੍ਰੀਤ ਸਿੰਘ ਮਿੰਟਾ ਅਤੇ ਸਰਬਜੀਤ ਸਿੰਘ ਸਮੇਤ ਹੋਰ ਆਗੂ ਅਤੇ ਕਰਮਚਾਰੀ ਵੀ ਹਾਜ਼ਰ ਸਨ |