ਤਲਵੰਡੀ ਭਾਈ, 3 ਜੂਨ (ਕੁਲਜਿੰਦਰ ਸਿੰਘ ਗਿੱਲ)-ਸਥਾਨਕ ਦਾਣਾ ਮੰਡੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤਿੰਨ ਰੋਜ਼ਾ 'ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ' ਕਰਵਾਏ ਗਏ | ਸਿੱਖ ਪੰਥ ਦੇ ਉੱਘੇ ਪ੍ਰਚਾਰਕ ਭਾਈ ਰਣਜੀਤ ਸਿੰਘ ਖ਼ਾਲਸਾ ਢੱਡਰੀਆਂ ਵਾਲਿਆਂ ਨੇ ਤਿੰਨ ਦਿਨ ਸਮਾਗਮਾਂ ਦੌਰਾਨ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ, ਚੰਗੇ ਆਚਰਨ ਨੂੰ ਅਪਣਾਉਣ ਅਤੇ ਸਮਾਜ ਵਿਚ ਫੈਲ ਰਹੀਆਂ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਉਨਾਂ ਨੇ ਨੌਜਵਾਨ ਪੀੜ੍ਹੀ ਨੂੰ ਸਿੱਖਿਆ, ਨੈਤਿਕ ਕਦਰਾਂ ਕੀਮਤਾਂ ਅਤੇ ਗੁਰਬਾਣੀ ਵਿਚਾਰ ਨਾਲ ਜੁੜਨ ਦੀ ਅਪੀਲ ਕੀਤੀ | ਜਦਕਿ ਉਨ੍ਹਾਂ ਨੇ ਸੰਗਤਾਂ ਨੂੰ ਮਜ਼੍ਹਬੀ ਵਿਤਕਰੇ, ਜਾਤ-ਪਾਤ, ਫ਼ਿਰਕਿਆਂ ਆਦਿ ਦੀ ਨਫ਼ਰਤ ਤੋਂ ਦੂਰ ਰਹਿ ਭਾਈਚਾਰਕ ਸਾਂਝ ਵਾਲਾ ਸਮਾਜ ਸਿਰਜਣ ਪੇ੍ਰਰਨਾ ਵੀ ਦਿੱਤੀ ਅਤੇ ਗੁਰਬਾਣੀ ਨਾਲ ਜੁੜਨ, ਅੰਮਿ੍ਤ ਛਕ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਲ ਬਣਨ ਦਾ ਸੁਨੇਹਾ ਦਿੱਤਾ | ਤਿੰਨ ਦਿਨਾਂ ਦੇ ਇਨ੍ਹਾਂ ਸਮਾਗਮਾਂ ਨੂੰ ਲੈ ਕੇ ਜਿੱਥੇ ਇਲਾਕੇ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਰਿਹਾ ਉੱਥੇ ਦੂਰ ਦੁਰਾਡੇ ਤੋਂ ਸੰਗਤਾਂ ਨੇ ਪਹੁੰਚ ਕੇ ਵੀ ਸਮਾਗਮਾਂ ਵਿਚ ਹਾਜ਼ਰੀ ਭਰੀ | ਤਿੰਨ ਦਿਨਾਂ ਸਮਾਗਮਾਂ ਦੌਰਾਨ ਜਿੱਥੇ ਗੁਰੂ ਕੇ ਲੰਗਰਾਂ ਦੇ ਅਤੁੱਟ ਪ੍ਰਬੰਧ ਸਨ ਉੱਥੇ ਵੱਡੀ ਗਿਣਤੀ ਵਿਚ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੇ ਵੱਖ-ਵੱਖ ਸੇਵਾਵਾਂ ਨਿਭਾਅ ਕੇ ਸੰਗਤਾਂ ਦੀ ਟਹਿਲ ਸੇਵਾ ਕੀਤੀ | ਇਸ ਮੌਕੇ ਸਥਾਨਕ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਭਵਨ ਵਿਖੇ ਪੰਜ ਪਿਆਰਿਆਂ ਵਲੋਂ ਅੰਮਿ੍ਤ ਸੰਚਾਰ ਕੀਤਾ ਗਿਆ ਜਿਸ ਦੌਰਾਨ 100 ਤੋਂ ਵੱਧ ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ | ਸਮਾਗਮਾਂ ਦੌਰਾਨ ਐਡਵੋਕੇਟ ਰਜਨੀਸ਼ ਦਹੀਯਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ, ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ, ਅਮਰਦੀਪ ਸਿੰਘ ਆਸ਼ੂ ਬੰਗੜ ਹਲਕਾ ਇੰਚਾਰਜ ਕਾਂਗਰਸ ਤੋਂ ਇਲਾਵਾ ਹੋਰ ਕਈ ਰਾਜਸੀ, ਧਾਰਮਿਕ ਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ | ਸਮਾਗਮਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਮਨਜੀਤ ਸਿੰਘ ਢਿੱਲੋਂ ਚੇਅਰਮੈਨ ਕਵਾਲਿਟੀ ਗਰੁੱਪ, ਗੁਰਪ੍ਰੀਤ ਸਿੰਘ ਫ਼ੌਜੀ ਕੋਟ ਕਰੋੜ, ਗੁਰਪ੍ਰੀਤ ਸਿੰਘ ਅਮਨਾ, ਕੁਲਦੀਪ ਸਿੰਘ, ਸਰਬਜੀਤ ਸਿੰਘ ਖ਼ਾਲਸਾ, ਬੂਟਾ ਸਿੰਘ, ਗੈਵਨ ਬਰਾੜ, ਪਵਨਦੀਪ ਸਿੰਘ, ਸਵਰਨਜੀਤ ਸਿੰਘ, ਹਰਦੀਪ ਅਰੋੜਾ, ਦਿਲਬਾਗ ਸਿੰਘ, ਮੱਖਣ ਸਿੰਘ ਕਲਸੀ, ਲਵਪ੍ਰੀਤ ਸਿੰਘ, ਡੀਸੀ ਕਲਸੀ ਆਦਿ ਪ੍ਰਬੰਧਕਾਂ ਨੇ ਅਹਿਮ ਸੇਵਾਵਾਂ ਨਿਭਾਈਆਂ | ਸਮਾਗਮਾਂ ਸਮੇਂ ਲਗਾਏ ਗਏ ਖ਼ੂਨਦਾਨ ਕੈਂਪ ਦੌਰਾਨ ਸਵੈਇੱਛਿਤ ਖ਼ੂਨਦਾਨੀਆਂ ਵਲੋਂ 200 ਯੂਨਿਟ ਖ਼ੂਨਦਾਨ ਕੀਤਾ ਗਿਆ ਜਦਕਿ ਇਸ ਸਮੇਂ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਵਲੋਂ ਲਗਾਏ ਗਏ ਡਾਕਟਰੀ ਕੈਂਪ ਦੌਰਾਨ 500 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ |