ਜ਼ੀਰਾ,3 ਜੂਨ (ਰਜਨੀਸ਼ ਕਥੂਰੀਆ)- ਪੰਜਾਬ ਵਿੱਚ ਹਰ ਰੋਜ਼ ਵਾਪਰਦੀਆਂ ਲੁੱਟ,ਖੋਹ ਅਗਵਾ ਅਤੇ ਕਤਲੋਗਾਰਤ ਦੀਆਂ ਘਟਨਾਵਾਂ ਦੇ ਕਾਰਨ ਕਾਨੂੰਨ ਅਤੇ ਵਿਵਸਥਾ ਦਾ ਜਨਾਜ਼ਾ ਨਿਕਲ ਗਿਆ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਬਾਦਲ ਦੇ ਹਲਕਾ ਜ਼ੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਕੀਤਾ | ਉਹਨਾਂ ਕਿਹਾ ਕਿ ਅੰਮਿ੍ਤਸਰ ਵਿਚ ਆਪਣੀ ਲੜਕੀ ਨੂੰ ਟਿਊਸ਼ਨ ਛੱਡਣ ਗਏ ਇਕ ਬਾਪ ਦਾ ਕਤਲ ਕਰ ਦਿੱਤਾ ਗਿਆ ਅਤੇ 1 ਜੂਨ 2026 ਨੂੰ ਮਖੂ ਵਿਖੇ ਇਕ ਕਰਿਆਨੇ ਦੇ ਦੁਕਾਨਦਾਰ ਦਾ ਚਿੱਟੇ ਦਿਨ 2 ਮੋਟਰਸਾਈਕਲ ਸਵਾਰ ਲੜਕਿਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਅ | ਜਿਸ ਤੋਂ ਬਾਅਦ ਜ਼ੀਰਾ ਇਲਾਕੇ ਦੇ ਵਪਾਰੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ | ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਹਰੀਕੇ ਹੈੱਡ ਤੇ ਪੁਲਿਸ ਚੌਂਕੀ ਤੇ ਬੈਠੇ ਪੁਲਿਸ ਮੁਲਾਜ਼ਮ ਦੇ ਗੰਭੀਰ ਸੱਟਾਂ ਮਾਰ ਕੇ ਉਸ ਪਾਸੋਂ ਬਦਮਾਸ਼ ਰਾਈਫ਼ਲ ਖੋਹ ਕੇ ਲੈ ਗਏ | ਜਿਸ ਤੋਂ ਬਾਅਦ ਲੋਕਾਂ ਦੀ ਸੁਰੱਖਿਆ ਤਾਂ ਦਾਅ 'ਤੇ ਲੱਗੀ ਹੀ ਹੋਈ ਹੈ, ਬਲਕਿ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਦਾ ਦਮ ਭਰਨ ਵਾਲੀ ਪੁਲਿਸ ਦੀ ਆਪਣੀ ਸੁਰੱਖਿਆ ਵੀ ਖ਼ਤਰੇ ਵਿਚ ਦਿਖਾਈ ਦੇ ਰਹੀ ਹੈ | ਉਹਨਾਂ ਕਿਹਾ ਕਿ ਅਜਿਹੇ ਗੈਰ ਅਸੁਰੱਖਿਆ ਭਰੇ ਮਾਹੌਲ ਦੇ ਵਿਚ ਪੰਜਾਬ ਵਿਚ ਕੋਈ ਵੀ ਨਿਵੇਸ਼ਕ ਨਿਵੇਸ਼ ਕਰਨ ਲਈ ਤਿਆਰ ਨਹੀਂ ਹੈ | ਜਦੋਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਸਮੁੱਚੀ ਟੀਮ ਪੰਜਾਬ ਵਿਚ ਕੀਤੇ ਗਏ ਵਿਕਾਸ ਦੇ ਕੰਮ ਗਿਣਵਾਉਣ ਵਿਚ ਰੁੱਝੇ ਹੋਏ ਹਨ | ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਸਰਕਾਰ ਦੀਆਂ ਨਕਾਮੀਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਹੈ | ਉਸ ਦੇ ਖ਼ਿਲਾਫ਼ ਨਜਾਇਜ਼ ਪਰਚੇ ਦਰਜ ਕਰਵਾ ਕੇ ਉਸ ਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ | ਅੰਤ ਵਿਚ ਹਰਪ੍ਰੀਤ ਸਿੰਘ ਹੀਰੋ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੇ ਕਾਰਜਕਾਲ ਦੇ ਕੇਵਲ ਕੁਝ ਮਹੀਨੇ ਹੀ ਬਾਕੀ ਰਹਿ ਗਏ ਹਨ ਅਤੇ ਲੋਕ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ |