ਪੰਜੇ ਕੇ ਉਤਾੜ, 3 ਜੂਨ (ਪੱਪੂ ਸੰਧਾ)- ਹਲਕਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਰਾਣਾ ਪੰਜ ਗਰਾਈਾ ਵਿਖੇ ਸਪੋਰਟਸ ਕਲੱਬ ਵਲੋਂ ਤਿੰਨ ਰੋਜ਼ਾ ਖੇਡ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਮਹਿਮਾਨ ਵਜੋਂ ਭਾਜਪਾ ਆਗੂ ਰਮੇਸ਼ ਕੰਬੋਜ ਸਰਪੰਚ ਮੰਡੀ ਪੰਜੇ ਕੇ ਉਤਾੜ ਪਹੁੰਚੇ | ਇਸ ਦੌਰਾਨ ਰਮੇਸ਼ ਕੰਬੋਜ ਸਰਪੰਚ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਨੌਜਵਾਨਾਂ ਦਾ ਵਿਕਾਸ ਉਦੋਂ ਹੀ ਹੋ ਸਕਦਾ, ਜਦ ਉਨ੍ਹਾਂ ਦੀ ਰੁਚੀ ਖੇਡਾਂ ਵੱਲ ਹੋਵੇਗੀ ਤੇ ਸਮੇਂ-ਸਮੇਂ 'ਤੇ ਉਹ ਆਪਣੇ ਇਲਾਕੇ ਦੇ ਅੰਦਰ ਟੂਰਨਾਮੈਂਟ ਕਰਵਾਉਂਦੇ ਰਹਿਣਗੇ | ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਵੀ ਨੌਜਵਾਨਾਂ ਦੀ ਪੂਰੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਨੌਜਵਾਨ ਖੇਡਾਂ ਵੱਲ ਜੁੜ ਕੇ ਗਲਤ ਸੰਗਤ 'ਚ ਪੈ ਨਸ਼ਿਆਂ ਵੱਲ ਨਾ ਜਾਣ ਅਤੇ ਉਨ੍ਹਾਂ ਦਾ ਧਾਰਮਿਕ ਤੇ ਸਮਾਜਿਕ ਵਿਕਾਸ ਹੋ ਸਕੇ | ਇਸ ਮੌਕੇ ਉਨ੍ਹਾਂ ਨੇ 21 ਹਜ਼ਾਰ ਰੁਪਏ ਮੈਨੇਜਮੈਂਟ ਕਮੇਟੀ ਨੂੰ ਦਿੱਤੇ ਅਤੇ ਕਮੈਂਟਰਾਂ ਤੇ ਹੋਰ ਸਪੋਰਟਸ ਟੀਮ ਵਿਚ ਵੱਖ-ਵੱਖ ਤਰੀਕੇ ਨਾਲ ਭੂਮਿਕਾ ਨਿਭਾਉਣ ਵਾਲੇ ਲੋਕਾਂ ਨੂੰ ਆਰਥਿਕ ਮਦਦ ਦੇ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ | ਰਮੇਸ਼ ਕੰਬੋਜ ਸਰਪੰਚ ਨੇ ਕਿਹਾ ਕਿ ਇਲਾਕੇ ਵਿਚ ਜਿੱਥੇ ਵੀ ਕਿਤੇ ਟੂਰਨਾਮੈਂਟ ਹੋਣਗੇ, ਉਹ ਨੌਜਵਾਨਾਂ ਦੀ ਸੇਵਾ ਵਿਚ ਹਮੇਸ਼ਾ ਹਾਜ਼ਰ ਰਹਿਣਗੇ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਰਹਿਣਗੇ | ਇਸ ਮੌਕੇ ਇਲਾਕੇ ਭਰ ਤੋਂ ਅਨੇਕਾਂ ਪੰਚ, ਸਰਪੰਚ ਤੇ ਹੋਰ ਪਤਵੰਤੇ ਹਾਜ਼ਰ ਸਨ |