ਖ਼ਰੀਦ ਏਜੰਸੀਆਂ ਵਲੋਂ ਮੰਡੀਆਂ ਵਿਚੋਂ ਝੋਨੇ ਦੀ ਖ਼ਰੀਦ ਠੱਪ
ਜ਼ੀਰਾ, 6 ਨਵੰਬਰ(ਪ੍ਰਤਾਪ ਸਿੰਘ ਹੀਰਾ)-ਪੰਜਾਬ ਸਰਕਾਰ ਦੀਆਂ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਝੋਨੇ ਦੀ ਖ਼ਰੀਦ ਬੰਦ ਕੀਤੇ ਜਾਣ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਵਿਚ ਬੇਚੈਨੀ ਪਾਈ ਜਾ ਰਹੀ ਹੈ। ਜ਼ੀਰਾ ਦੀ ਦਾਣਾ ਮੰਡੀ ਸਮੇਤ ਇਲਾਕੇ ਦੇ ਹੋਰ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਅਚਾਨਕ ਖ਼ਰੀਦ ਬੰਦ ਕਰ ਦਿੱਤੇ ਜਾਣ ਕਾਰਨ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਵਿਚ ਭਾਰੀ ਰੋਸ ’ਤੇ ਡੂੰਘੀ ਚਿੰਤਾ ਪਾਈ ਜਾ ਰਹੀ ਹੈ।
ਮ
ਮੰਡੀਆਂ ਵਿਚ ਬੋਰੀਆਂ ਦੇ ਲੱਗੇ ਅੰਬਾਰ। (ਸੱਜੇ) ਮੰਡੀਆਂ ਵਿਚ ਆਉਣ ਲਈ ਪੱਕ ਕੇ ਤਿਆਰ ਹੋਈ ਝੋਨੇ ਦੀ ਫ਼ਸਲ। ਤਸਵੀਰ-ਪ੍ਰਤਾਪ ਸਿੰਘ ਹੀਰਾ
07-11-2026
ਜ਼ੀਰਾ, 6 ਨਵੰਬਰ(ਪ੍ਰਤਾਪ ਸਿੰਘ ਹੀਰਾ)-ਪੰਜਾਬ ਸਰਕਾਰ ਦੀਆਂ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਝੋਨੇ ਦੀ ਖ਼ਰੀਦ ਬੰਦ ਕੀਤੇ ਜਾਣ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਵਿਚ ਬੇਚੈਨੀ ਪਾਈ ਜਾ ਰਹੀ ਹੈ। ਜ਼ੀਰਾ ਦੀ ਦਾਣਾ ਮੰਡੀ ਸਮੇਤ ਇਲਾਕੇ ਦੇ ਹੋਰ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਅਚਾਨਕ ਖ਼ਰੀਦ ਬੰਦ ਕਰ ਦਿੱਤੇ ਜਾਣ ਕਾਰਨ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਵਿਚ ਭਾਰੀ ਰੋਸ ’ਤੇ ਡੂੰਘੀ ਚਿੰਤਾ ਪਾਈ ਜਾ ਰਹੀ ਹੈ। ਸਰਕਾਰੀ ਏਜੰਸੀਆਂ ਵਲੋਂ ਖ਼ਰੀਦ ਰੋਕ ਲਏ ਜਾਣ ਕਰਕੇ ਮੰਡੀਆਂ ਵਿਚ ਝੋਨੇ ਨਾਲ ਭਰੀਆਂ ਬੋਰੀਆਂ ਅਤੇ ਢੇਰੀਆਂ ਦੇ ਅੰਬਾਰ ਲੱਗ ਗਏ ਹਨ, ਜਿਸ ਕਾਰਨ ਨਵੀਂ ਆਮਦ ਲਈ ਮੰਡੀਆਂ ਵਿਚ ਪੈਰ ਧਰਨ ਨੂੰ ਵੀ ਜਗਹਾ ਨਹੀਂ ਬਚੀ। ਇਸ ਗੰਭੀਰ ਮਸਲੇ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਢੰਡ ਹਰਜਿੰਦਰ ਸਿੰਘ ਭਿੰਡਰ, ਭੁਪਿੰਦਰ ਸਿੰਘ ਵਿਰਕ, ਹਰਪਾਲ ਸਿੰਘ ਦਰਗਨ ਬਸੰਤ ਸਿੰਘ ਧੰਜੂ ਆਦਿ ਆੜ੍ਹਤੀਆਂ ਨੇ ਦੱਸਿਆ ਕਿ ਇਸ ਸਮੇਂ ਖੇਤਾਂ ਵਿਚੋਂ ਮੰਡੀਆਂ ਅੰਦਰ ਝੋਨੇ ਦੀ ਆਮਦ ਪੂਰੇ ਜ਼ੋਰਾਂ ’ਤੇ ਹੈ। ਪ੍ਰੰਤੂ ਸਰਕਾਰੀ ਖ਼ਰੀਦ ਏਜੰਸੀਆਂ ਇਹ ਕਹਿ ਕੇ ਖ਼ਰੀਦ ਤੋਂ ਹੱਥ ਪਿੱਛੇ ਖਿੱਚ ਰਹੀਆਂ ਹਨ ਕਿ ਉਨ੍ਹਾਂ ਦਾ ਅਲਾਟ ਹੋਇਆ ਕੋਟਾ ਮੁਕੰਮਲ ਹੋ ਚੁੱਕਾ ਹੈ। ਆਗੂਆਂ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਸਰਕਾਰ ਅਤੇ ਖ਼ਰੀਦ ਏਜੰਸੀਆਂ ਦੀ ਇਸ ਕਥਿਤ ਬੇਰੁਖ਼ੀ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਾਰੀ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਕ ਪਾਸੇ ਮੰਡੀਆਂ ਵਿਚ ਪਹਿਲਾਂ ਤੋਂ ਤੁਲੀ ਪਈ ਫ਼ਸਲ ਦੀ ਚੁਕਾਈ ਨਾ ਹੋਣ ਕਰਕੇ ਥਾਂ ਘਟ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦਾ ਸੈਂਕੜੇ ਏਕੜ ਝੋਨਾ ਖੇਤਾਂ ਵਿਚ ਪੱਕ ਕੇ ਵੱਢਣ ਲਈ ਬਿਲਕੁਲ ਤਿਆਰ ਖੜ੍ਹਾ ਹੈ। ਕਿਸਾਨ ਇਸ ਗੱਲੋਂ ਡਰੇ ਹੋਏ ਹਨ ਕਿ ਜੇਕਰ ਉਹ ਫ਼ਸਲ ਕੱਟ ਕੇ ਮੰਡੀ ਲਿਆਉਂਦੇ ਹਨ ਤਾਂ ਉਨ੍ਹਾਂ ਨੂੰ ਕਈ-ਕਈ ਦਿਨ ਰੁਲਣਾ ਪਵੇਗਾ। ਮੰਡੀ ਦਾ ਜਾਇਜ਼ਾ ਲੈਣ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਐਗਜ਼ੈਕਟਿਵ ਮੈਂਬਰ ਪੰਜਾਬ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਬਲਾਕ ਪ੍ਰਧਾਨ ਜ਼ੀਰਾ ਚਮਕੌਰ ਸਿੰਘ ਬੱਲ ਅਤੇ ਸੂਬਾ ਮੀਤ ਪ੍ਰਧਾਨ ਹਰਦਿਆਲ ਸਿੰਘ ਅਲੀਪੁਰ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਤਿੱਖੇ ਸਵਾਲ ਖੜ੍ਹੇ ਕੀਤੇ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਅਤੇ ਖ਼ਰੀਦ ਏਜੰਸੀਆਂ ਇਕ ਸੋਚੀ-ਸਮਝੀ ਸਾਜ਼ਿਸ਼ ਅਤੇ ਮੰਦਭਾਵਨਾ ਤਹਿਤ ਅੰਨਦਾਤੇ ਨੂੰ ਖੱਜਲ-ਖ਼ੁਆਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੇ ਕਿਸਾਨਾਂ ਦੇ ਦਾਣੇ-ਦਾਣੇ ਦੀ ਖ਼ਰੀਦ ਦੀ ਗਰੰਟੀ ਦਿੱਤੀ ਸੀ ਤਾਂ ਹੁਣ ਕੋਟੇ ਦਾ ਬਹਾਨਾ ਬਣਾ ਕੇ ਖ਼ਰੀਦ ਬੰਦ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਦਿਨ-ਰਾਤ ਖ਼ੂਨ-ਪਸੀਨਾ ਵਹਾ ਕੇ ਪਾਲੀ ਫ਼ਸਲ ਮੰਡੀਆਂ ਵਿਚ ਰੁਲ ਰਹੀ ਹੈ ਅਤੇ ਕਿਸਾਨ ਖੁੱਲ੍ਹੇ ਅਸਮਾਨ ਹੇਠ ਰਾਤਾਂ ਕੱਟਣ ਲਈ ਮਜਬੂਰ ਹਨ। ਕਿਸਾਨ ਅਤੇ ਆੜ੍ਹਤੀ ਆਗੂਆਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਖ਼ੁਰਾਕ ’ਤੇ ਸਿਵਲ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਕਿ ਜ਼ੀਰਾ ਮੰਡੀ ਵਿਚ ਖ਼ਰੀਦ ਏਜੰਸੀਆਂ ਦਾ ਕੋਟਾ ਤੁਰੰਤ ਵਧਾਇਆ ਜਾਵੇ ਅਤੇ ਬੰਦ ਪਈ ਖ਼ਰੀਦ ਨੂੰ ਬਿਨਾਂ ਕਿਸੇ ਦੇਰੀ ਤੋਂ ਮੁੜ ਚਾਲੂ ਕੀਤਾ ਜਾਵੇ। ਇਸ ਦੇ ਨਾਲ ਹੀ ਮੰਡੀਆਂ ਵਿਚੋਂ ਬੋਰੀਆਂ ਦੀ ਲਿਫ਼ਟਿੰਗ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਖੇਤਾਂ ਵਿਚੋਂ ਆਉਣ ਵਾਲੀ ਨਵੀਂ ਫ਼ਸਲ ਲਈ ਜਗਹਾ ਬਣ ਸਕੇ। ਕਿਸਾਨ ਆਗੂਆਂ ਨੇ ਸਰਕਾਰ ਨੂੰ ਦੋ-ਟੁੱਕ ਚਿਤਾਵਨੀ ਦਿੱਤੀ ਕਿ ਜੇਕਰ ਖ਼ਰੀਦ ਸੁਚਾਰੂ ਢੰਗ ਨਾਲ ਸ਼ੁਰੂ ਨਾ ਕਰਵਾਈ ਗਈ, ਤਾਂ ਕਿਸਾਨ ਯੂਨੀਅਨਾਂ ਸਮੂਹ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਨਾਲ ਲੈ ਕੇ ਨੈਸ਼ਨਲ ਹਾਈਵੇ ਜਾਮ ਕਰਨ ਅਤੇ ਖ਼ਰੀਦ ਏਜੰਸੀਆਂ ਦੇ ਦਫ਼ਤਰਾਂ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੀਆਂ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।