ਮੱਖੂ, 4 ਜੂਨ (ਕੁਲਵਿੰਦਰ ਸਿੰਘ ਸੰਧੂ)-ਮੱਖੂ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਨੈਸ਼ਨਲ ਹਾਈਵੇ 54 ਅਤੇ ਹਰੀਕੇ ਵੱਲ ਜਾਣ ਵਾਲੇ ਕਈ ਵਾਹਨ ਚਾਲਕ ਭਰਾਵਾਂ ਵਾਲੇ ਢਾਬੇ ਤੋਂ ਬੰਗਾਲੀ ਵਾਲੇ ਪੁਲ ਤੱਕ ਗ਼ਲਤ ਪਾਸੇ ਵਾਹਨ ਚਲਾਉਂਦੇ ਹਨ। ਜਿਸ ਕਾਰਨ ਸੜਕ ਦੇ ਇਸ ਹਿੱਸੇ ਵਿਚਾਲੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਵਾਰ ਸਰਕਾਰੀ ਡੀਪੂ ਦੀਆਂ ਬੱਸਾਂ ਵੀ ਨਿਯਮਾਂ ਨੂੰ ਅਣਡਿੱਠਾ ਕਰਦਿਆਂ ਗ਼ਲਤ ਦਿਸ਼ਾ ਵਿਚ ਜਾਂਦੀਆਂ ਦੇਖੀਆਂ ਜਾਂਦੀਆਂ ਹਨ। ਜਾਣਕਾਰੀ ਅਨੁਸਾਰ ਚਾਰ ਮਾਰਗੀ ਸੜਕ ਬਣਨ ਸਮੇਂ ਬੰਗਾਲੀ ਵਾਲੇ ਪੁਲ ਤੋਂ ਫ਼ਤਿਹਗੜ੍ਹ ਸਭਰਾ ਵਾਲੇ ਪੁਰਾਣੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਕਾਰਨ ਹਰੀਕੇ ਵੱਲ ਜਾਣ ਵਾਲੇ ਬਹੁਤ ਸਾਰੇ ਵਾਹਨ ਕੈਨਾਲ ਕਾਲੋਨੀ ਮੱਖੂ ਵਾਲੇ ਹਾਈਵੇ ਕੱਟ ਤੋਂ ਮੁੜ ਕੇ ਆਉਣ ਦੀ ਬਜਾਏ ਸਮਾਂ ਬਚਾਉਣ ਲਈ ਗ਼ਲਤ ਪਾਸੇ ਦਾ ਰਸਤਾ ਅਪਣਾ ਲੈਂਦੇ ਹਨ। ਇਸ ਲਾਪਰਵਾਹੀ ਕਾਰਨ ਕਈ ਗੰਭੀਰ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਵੀ ਗਵਾ ਚੁੱਕੇ ਹਨ। ਇਲਾਕਾ ਨਿਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੰਗਾਲੀ ਵਾਲੇ ਪੁਲ ਨੇੜੇ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦੇ ਨਾਮ ‘ਤੇ ਇੱਕ ਵਿਸ਼ੇਸ਼ ਚੌਂਕ ਬਣਾਇਆ ਜਾਵੇ। ਇਸ ਨਾਲ ਇਤਿਹਾਸਕ ਨਗਰ ਫ਼ਤਿਹਗੜ੍ਹ ਸਭਰਾ ਅਤੇ ਉੱਥੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਸਿੱਧੀ ਪਹੁੰਚ ਮਿਲੇਗੀ ਅਤੇ ਵਾਹਨਾਂ ਦੀ ਆਵਾਜਾਈ ਵੀ ਨਿਯਮਤ ਹੋ ਸਕੇਗੀ ਜਿਸ ਨਾਲ ਹਰੀਕੇ ਜਾਣ ਵਾਲੇ ਵਾਹਨ ਬਿਨਾਂ ਕਿਸੇ ਪਰੇਸ਼ਾਨੀ ਦੇ ਮੁੜ ਸਕਣਗੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਸਮੱਸਿਆ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਭਵਿੱਖ ਵਿਚ ਵੀ ਹਾਦਸਿਆਂ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਟਰੈਫ਼ਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਨਾ ਕਰਵਾਉਣ ਅਤੇ ਸੁਰੱਖਿਅਤ ਆਵਾਜਾਈ ਲਈ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।