ਮੰਡੀ ਘੁਬਾਇਆ, 5 ਜੂਨ (ਅਮਨ ਬਵੇਜਾ)-ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ ਵਲੋਂ ਸਕੂਲੀ ਵੈਨਾਂ ਅਤੇ ਹੋਰ ਸਕੂਲ ਵਾਹਨਾਂ ਵਿਚ ਸਹਾਇਕ (ਹੈਲਪਰ) ਰੱਖਣ ਦੇ ਨਿਯਮ ਬਣਾਏ ਗਏ ਸਨ ਪਰ ਇਨ੍ਹਾਂ ਨਿਯਮਾਂ ਦੀ ਪਾਲਨਾ ਅਜੇ ਵੀ ਪੂਰੀ ਤਰ੍ਹਾਂ ਨਹੀਂ ਹੋ ਰਹੀ | ਕਈ ਸਕੂਲੀ ਵੈਨਾਂ ਵਿਚ ਸਹਾਇਕ ਨਾ ਹੋਣ ਕਾਰਨ ਮਾਪਿਆਂ ਨੂੰ ਬੱਚਿਆਂ ਦੀ ਸੁਰੱਖਿਆ ਸਬੰਧੀ ਚਿੰਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਾਪਿਆਂ ਦਾ ਕਹਿਣਾ ਹੈ ਬੇਸ਼ੱਕ ਨਿੱਜੀ ਸਕੂਲਾਂ ਵਿਚ ਫ਼ੀਸਾਂ ਸਬੰਧੀ ਪੰਜਾਬ ਸਰਕਾਰ ਵਲੋਂ ਕਾਨੂੰਨ ਬਣਾਏ ਜਾ ਰਹੇ ਹਨ ਪਰ ਉੱਥੇ ਹੀ ਸਕੂਲੀ ਵਾਹਨ ਵਿਚ ਛੋਟੇ ਬੱਚਿਆਂ ਨੂੰ ਸਕੂਲ ਲੈ ਕੇ ਜਾਣ ਅਤੇ ਵਾਪਸ ਘਰ ਛੱਡਣ ਦੌਰਾਨ ਸਹਾਇਕ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ | ਸਹਾਇਕ ਨਾ ਹੋਣ ਕਾਰਨ ਬੱਚਿਆਂ ਨੂੰ ਵੈਨ ਵਿਚ ਚੜ੍ਹਨ-ਉਤਰਨ ਸਮੇਂ ਮੁਸ਼ਕਲਾਂ ਆਉਂਦੀਆਂ ਹਨ | ਮਾਪਿਆਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਸਕੂਲੀ ਵਾਹਨਾਂ ਲਈ ਬਣਾਏ ਗਏ ਸੁਰੱਖਿਆ ਨਿਯਮਾਂ ਦੀ ਜ਼ਮੀਨੀ ਪੱਧਰ 'ਤੇ ਸਖ਼ਤੀ ਨਾਲ ਜਾਂਚ ਨਹੀਂ ਕੀਤੀ ਜਾ ਰਹੀ | ਮਾਪਿਆਂ ਨੇ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਵਲੋਂ ਸਕੂਲੀ ਵਾਹਨਾਂ ਦੀ ਨਿਯਮਿਤ ਜਾਂਚ ਕੀਤੀ ਜਾਵੇ ਅਤੇ ਜਿਨ੍ਹਾਂ ਵਾਹਨਾਂ ਵਿਚ ਸਹਾਇਕ ਨਹੀਂ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ |