ਫ਼ਿਰੋਜ਼ਪੁਰ, 9 ਜੂਨ (ਗੁਰਿੰਦਰ ਸਿੰਘ) -ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ (ਰਜਿ. ਨੰਬਰ 41) ਵਲੋਂ ਐਕਸੀਅਨ ਸਬ-ਅਰਬਨ ਮੰਡਲ ਫ਼ਿਰੋਜ਼ਪੁਰ ਖ਼ਿਲਾਫ਼ ਆਰ. ਏ. ਮੋਹਿਤ ਅਗਰਵਾਲ ਨੂੰ ਰਿਲੀਵ ਨਾ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ | ਧਰਨੇ ਵਿਚ ਜਥੇਬੰਦੀ ਦੇ ਵੱਖ-ਵੱਖ ਆਗੂਆਂ ਅਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਜ਼ੋਨਲ ਆਗੂ ਅਸ਼ਵਨੀ ਕੁਮਾਰ, ਰਾਜੇਸ਼ ਦੱਤਾ, ਸਰਕਲ ਪ੍ਰਧਾਨ ਰਾਕੇਸ਼ ਮੈਣੀ, ਤਰਲੋਚਨ ਸਿੰਘ, ਬਲਵੰਤ ਸਿੰਘ ਬਿੱਟੂ, ਅਮੋਲਕ ਸਿੰਘ, ਰੌਸ਼ਨ ਲਾਲ, ਰਜਿੰਦਰ ਸਿੰਘ, ਰਾਮ ਸੁਖ, ਰਾਜੇਸ਼ ਕੁਮਾਰ, ਰਣਬੀਰ ਸਿੰਘ, ਸਤਪਾਲ ਸਿੰਘ, ਸਵਰਨ ਸਿੰਘ, ਸੁਖਦੇਵ ਸਿੰਘ, ਰੋਹਿਤ ਦੇਵਗਨ, ਸਾਹਿਲ ਚਾਵਲਾ, ਸੁਰਿੰਦਰ ਕੁਮਾਰ ਅਤੇ ਹੋਰ ਆਗੂਆਂ ਨੇ ਕਿਹਾ ਕਿ ਮੋਹਿਤ ਅਗਰਵਾਲ ਦੇ ਤਬਾਦਲੇ ਅਤੇ ਰਿਲੀਵ ਕਰਨ ਸਬੰਧੀ ਹੁਕਮ ਮੁੱਖ ਇੰਜੀਨੀਅਰ ਪੱਛਮੀ ਜ਼ੋਨ ਬਠਿੰਡਾ ਵਲੋਂ ਜਾਰੀ ਕੀਤੇ ਜਾ ਚੁੱਕੇ ਹਨ, ਪਰ ਇਸ ਦੇ ਬਾਵਜੂਦ ਸਬ-ਅਰਬਨ ਮੰਡਲ ਅਤੇ ਸਬ-ਡਵੀਜ਼ਨ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਹੁਕਮਾਂ ਦੀ ਪਾਲਨਾ ਨਹੀਂ ਕੀਤੀ ਜਾ ਰਹੀ | ਆਗੂਆਂ ਨੇ ਦੋਸ਼ ਲਗਾਇਆ ਕਿ ਜਥੇਬੰਦੀ ਵਲੋਂ ਇਸ ਮਾਮਲੇ ਨੂੰ ਲੈ ਕੇ ਸਬੰਧਿਤ ਐਸ. ਡੀ. ਓ., ਐਕਸੀਅਨ ਅਤੇ ਨਿਗਰਾਨ ਇੰਜੀਨੀਅਰ ਫ਼ਿਰੋਜ਼ਪੁਰ ਨਾਲ ਕਈ ਵਾਰ ਮੁਲਾਕਾਤ ਕੀਤੀ ਗਈ ਪਰ ਹਰ ਵਾਰ ਟਾਲਮਟੋਲ ਵਾਲਾ ਰਵੱਈਆ ਅਪਣਾਇਆ ਗਿਆ | ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਇਸ ਕਾਰਵਾਈ ਕਾਰਨ ਕਰਮਚਾਰੀ ਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਮੋਹਿਤ ਅਗਰਵਾਲ ਨੂੰ ਵਿਭਾਗੀ ਹੁਕਮਾਂ ਅਨੁਸਾਰ ਰਿਲੀਵ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੌਰਾਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਦੀ ਜ਼ਿੰਮੇਵਾਰੀ ਐਕਸੀਅਨ ਸਬ-ਅਰਬਨ ਮੰਡਲ ਅਤੇ ਐਸ.ਡੀ.ਓ. ਸਬ-ਅਰਬਨ ਸਬ-ਡਵੀਜ਼ਨ ਫ਼ਿਰੋਜ਼ਪੁਰ ਦੀ ਹੋਵੇਗੀ |