30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਧਰਮਸ਼ਾਲਾ 'ਚ ਫ਼ਿਰੋਜ਼ਪੁਰ ਦੇ ਵੈਟਰਨ ਖਿਡਾਰੀਆਂ ਕਰਵਾਈ ਬੱਲੇ-ਬੱਲੇ

ਅਜੀਤ ਡੈਸਕ 10-06-2026
ਫ਼ਿਰੋਜ਼ਪੁਰ, 9 ਜੂਨ (ਗੁਰਿੰਦਰ ਸਿੰਘ)-ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਕਰਵਾਈ ਗਈ ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਫ਼ਿਰੋਜ਼ਪੁਰ ਦੇ ਵੈਟਰਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਨਾ ਸਿਰਫ਼ ਜ਼ਿਲ੍ਹੇ ਸਗੋਂ ਸਮੂਹ ਪੰਜਾਬ ਦਾ ਮਾਣ ਵਧਾਇਆ ਹੈ | ਤਜਰਬੇ, ਅਨੁਸ਼ਾਸਨ ਅਤੇ ਲਗਾਤਾਰ ਮਿਹਨਤ ਦੀ ਬਦੌਲਤ ਖਿਡਾਰੀਆਂ ਨੇ 11 ਸੋਨੇ ਦੇ ਤਗਮੇ ਅਤੇ ਦੋ ਨਵੇਂ ਰਿਕਾਰਡ ਆਪਣੇ ਨਾਮ ਕਰਕੇ ਖੇਡ ਮੈਦਾਨ ਵਿਚ ਆਪਣੀ ਵਿਲੱਖਣ ਪਹਿਚਾਣ ਦਰਜ ਕਰਵਾਈ | ਜ਼ਿਲ੍ਹਾ ਮਾਸਟਰਜ਼ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਡਾ.ਗੁਰਿੰਦਰਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਦੇ ਛੇ ਖਿਡਾਰੀਆਂ ਨੇ ਇਸ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਹਿੱਸਾ ਲਿਆ | ਚੈਂਪੀਅਨਸ਼ਿਪ ਵਿਚ ਦੇਸ਼ ਦੇ 20 ਰਾਜਾਂ ਤੋਂ ਲਗਭਗ 1200 ਖਿਡਾਰੀਆਂ ਨੇ ਭਾਗ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | 70 ਸਾਲ ਤੋਂ ਵੱਧ ਉਮਰ ਵਰਗ ਵਿਚ ਡਾ.ਗੁਰਿੰਦਰਜੀਤ ਸਿੰਘ ਢਿੱਲੋਂ ਨੇ ਸ਼ਾਟ ਪੁੱਟ ਅਤੇ ਜੈਵਲਿਨ ਥਰੋਅ ਵਿਚ ਸੋਨੇ ਦੇ ਤਗਮੇ ਜਿੱਤ ਕੇ ਆਪਣੀ ਲਾਜਵਾਬ ਫਿਟਨੈੱਸ ਅਤੇ ਖੇਡ ਪ੍ਰਤੀ ਸਮਰਪਣ ਦਾ ਪ੍ਰਗਟਾਵਾ ਕੀਤਾ | 65 ਸਾਲ ਤੋਂ ਵੱਧ ਉਮਰ ਵਰਗ ਵਿਚ ਪ੍ਰੋਫੈਸਰ ਸੁਰਜੀਤ ਸਿੰਘ ਸਿੱਧੂ ਨੇ ਹੈਮਰ ਥਰੋਅ ਅਤੇ ਸ਼ਾਟ ਪੁੱਟ ਵਿਚ ਸੋਨੇ ਦੇ ਤਗਮੇ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸੇ ਤਰ੍ਹਾਂ 60 ਸਾਲ ਤੋਂ ਵੱਧ ਉਮਰ ਵਰਗ ਵਿਚ ਡਾ.ਜਸਵੰਤ ਸਿੰਘ ਨੇ 200 ਮੀਟਰ ਅਤੇ 400 ਮੀਟਰ ਦੌੜ ਵਿਚ ਸੋਨੇ ਦੇ ਤਗਮੇ ਜਿੱਤ ਕੇ ਆਪਣੀ ਤੇਜ਼ੀ ਅਤੇ ਫੁਰਤੀ ਦਾ ਲੋਹਾ ਮਨਵਾਇਆ | 50 ਸਾਲ ਤੋਂ ਵੱਧ ਉਮਰ ਵਰਗ ਵਿਚ ਅਧਿਆਪਕ ਈਸ਼ਵਰ ਸ਼ਰਮਾ ਨੇ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕਰਦਿਆਂ ਸ਼ਾਟ ਪੁੱਟ ਅਤੇ ਜੈਵਲਿਨ ਥਰੋਅ ਵਿਚ ਸੋਨੇ ਦੇ ਤਗਮੇ ਜਿੱਤੇ ਅਤੇ ਪੰਜਾਬ ਦੀ ਝੋਲੀ ਇਕ ਹੋਰ ਵੱਡੀ ਉਪਲਬਧੀ ਪਾਈ | ਇਸੇ ਤਰ੍ਹਾਂ 45 ਸਾਲ ਤੋਂ ਵੱਧ ਉਮਰ ਵਰਗ ਵਿਚ ਲੈਕਚਰਾਰ ਜਸਵਿੰਦਰ ਸਿੰਘ ਸੰਧੂ ਨੇ ਹੈਮਰ ਥਰੋਅ ਵਿਚ ਸੋਨੇ ਦਾ ਤਮਗ਼ਾ ਆਪਣੇ ਨਾਮ ਕੀਤਾ | ਜਦਕਿ 40 ਸਾਲ ਤੋਂ ਵੱਧ ਉਮਰ ਵਰਗ ਵਿਚ ਏਸ਼ੀਅਨ ਚੈਂਪੀਅਨ ਪ੍ਰਗਟ ਸਿੰਘ ਗਿੱਲ ਨੇ ਨਵਾਂ ਰਿਕਾਰਡ ਸਥਾਪਤ ਕਰਦਿਆਂ ਹੈਮਰ ਥਰੋਅ ਅਤੇ ਸ਼ਾਟ ਪੁੱਟ ਵਿਚ ਸੋਨੇ ਦੇ ਤਗਮੇ ਜਿੱਤ ਕੇ ਫ਼ਿਰੋਜ਼ਪੁਰ ਦੀ ਝੋਲੀ ਹੋਰ ਮਾਣਮੱਤੀਆਂ ਪ੍ਰਾਪਤੀਆਂ ਪਾਈਆਂ | ਰਾਸ਼ਟਰੀ ਚੈਂਪੀਅਨਸ਼ਿਪ 'ਚ ਤਗਮੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਇਹ ਖਿਡਾਰੀ ਨੌਜਵਾਨ ਪੀੜ੍ਹੀ ਲਈ ਪੇ੍ਰਰਨਾ ਦਾ ਸਰੋਤ ਹਨ | ਉਨ੍ਹਾਂ ਭਰੋਸਾ ਦਿੱਤਾ ਕਿ ਇਨ੍ਹਾਂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਗੁਰਦਿਆਲ ਸਿੰਘ ਵਿਰਕ, ਦਲੀਪ ਸਿੰਘ ਸੰਧੂ, ਹਰਬਰਿੰਦਰ ਸਿੰਘ, ਕੇਵਲ ਕਿ੍ਸ਼ਨ ਸ਼ਰਮਾ, ਗੁਰਬਚਨ ਸਿੰਘ ਭੁੱਲਰ, ਮਲਕੀਤ ਸਿੰਘ ਹਰਾਜ, ਸਰਬਜੀਤ ਸਿੰਘ ਭਾਵੜਾ, ਡਾ.ਸਤਿੰਦਰ ਸਿੰਘ ਅਤੇ ਕੋਮਲ ਅਰੋੜਾ ਸਮੇਤ ਹੋਰ ਸ਼ਖ਼ਸੀਅਤਾਂ ਨੇ ਵੀ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਅਜਿਹੀਆਂ ਉਪਲਬਧੀਆਂ ਖੇਡ ਸਭਿਆਚਾਰ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜ ਵਿਚ ਸਿਹਤਮੰਦ ਜੀਵਨ ਸ਼ੈਲੀ ਅਤੇ ਖੇਡਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ |
ਪਿਛਲੀ ਖ਼ਬਰ ਐਸ. ਆਈ. ਆਰ. ਤਹਿਤ 25 ਜੂਨ ਤੋਂ ਬੀ. ਐਲ. ਓ. ਘਰ-ਘਰ ਜਾ ਕੇ ਵੋਟਰਾਂ ਦੇ ਭਰਨਗੇ ਫਾਰਮ-ਜ਼ਿਲ੍ਹਾ ਚੋਣ ਅਫ਼ਸਰ ਅਗਲੀ ਖ਼ਬਰ ਟਰੱਕ ਵਿਚੋਂ 50 ਕਿੱਲੋ 30 ਗ੍ਰਾਮ ਭੁੱਕੀ ਸਮੇਤ ਦੋ ਤਸਕਰ ਕੀਤੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।