ਗੁਰੂਹਰਸਹਾਏ, 10 ਜੂਨ (ਹਰਚਰਨ ਸਿੰਘ ਸੰਧੂ)-ਆਪਣੀ ਮਾਲਕੀ ਜ਼ਮੀਨ ਦਾ ਕਬਜ਼ਾ ਲੈਣ ਲਈ ਗੁਰਦੀਪ ਸਿੰਘ ਪੁੱਤਰ ਗੁੱਦੜ ਸਿੰਘ ਵਾਸੀ ਪਿੰਡ ਦੁੱਲੇ ਕੇ ਨੱਥੂ ਵਾਲਾ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ ਪਰ ਦਫ਼ਤਰੀ ਬਾਊ ਉਸ ਦੀ ਕੋਈ ਸੁਣਵਾਈ ਨਹੀਂ ਕਰ ਰਹੇ | ਇਸ ਸਬੰਧੀ ਗੁਰਦੀਪ ਸਿੰਘ ਪਿੰਡ ਦੁੱਲੇ ਕੇ ਨੱਥੂਵਾਲਾ ਨੇ ਆਪਣੀ ਜ਼ਮੀਨ ਦੇ ਕਾਗ਼ਜ਼ਾਤ ਵਿਖਾਉਂਦਿਆਂ ਦੱਸਿਆ ਕਿ ਉਸ ਦੀ ਜ਼ਮੀਨ ਪਿੰਡ ਦੁੱਲੇ ਕੇ ਨੱਥੂਵਾਲਾ ਵਿਖੇ ਮੌਜੂਦ ਹੈ ਅਤੇ ਇਸ ਜ਼ਮੀਨ ਦਾ ਝਗੜਾ ਚੱਲਦਾ ਸੀ ਜਦਕਿ ਹੁਣ ਚੱਲ ਰਹੇ ਝਗੜੇ ਦਾ ਫ਼ੈਸਲਾ ਮੇਰੇ ਹੱਕ ਵਿਚ ਹੋ ਗਿਆ ਹੈ | ਜਿਸ ਕਾਰਨ ਮੈਂ ਜ਼ਮੀਨ ਦਾ ਕਬਜ਼ਾ ਲੈਣ ਲਈ ਕਈ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਦੇ ਕੇ ਜਾਣੂ ਕਰਵਾ ਚੁੱਕਾ ਹਾਂ ਪਰ ਮੇਰੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ | ਗੁਰਦੀਪ ਸਿੰਘ ਨੇ ਦੱਸਿਆ ਕਿ ਕੁੱਝ ਵਿਅਕਤੀ ਜਿਨ੍ਹਾਂ ਨੇ ਮੇਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਕੇ ਮਿਲੀ ਭੁਗਤ ਨਾਲ ਕਰਜ਼ਾ ਵੀ ਲੈ ਰੱਖਿਆ ਹੈ | ਉਸ ਨੇ ਦੱਸਿਆ ਕਿ ਪਹਿਲਾਂ ਤਾਂ ਕੁੱਝ ਵਿਅਕਤੀਆਂ ਨੇ ਚੱਲਦੇ ਕੇਸ ਦੌਰਾਨ ਅਦਾਲਤ ਵਿਚ ਗ਼ਲਤ ਬਿਆਨ ਦਿੱਤੇ ਕਿ 1988 ਵੇਲੇ ਹੜ੍ਹ ਦੇ ਪਾਣੀ ਨਾਲ ਇਸ ਜ਼ਮੀਨ ਦਾ ਰਿਕਾਰਡ ਰੁੜ੍ਹ ਗਿਆ ਹੈ ਜਦ ਕਿ ਇਹ ਸਾਰਾ ਰਿਕਾਰਡ ਪਟਵਾਰੀ ਕੋਲੋਂ ਹੁਣ ਮਿਲ ਚੁੱਕਾ ਹੈ | ਇਹਦੀਆਂ ਸਾਰੀਆਂ ਜਮ੍ਹਾਂ ਬੰਦੀਆਂ ਆਨਲਾਈਨ ਹਨ, ਮੇਰੀ ਮਾਲਕੀ ਜ਼ਮੀਨ ਦਾ ਕੇਸ ਮਾਨਯੋਗ ਅਦਾਲਤ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਗੁਰੂਹਰਸਹਾਏ ਵਿਚ ਚੱਲਦਾ ਸੀ | ਜਿਸ ਦਾ ਫ਼ੈਸਲਾ ਮੇਰੇ ਹੱਕ ਵਿਚ ਹੋ ਗਿਆ ਹੈ | ਗੁਰਦੀਪ ਸਿੰਘ ਨੇ ਦੱਸਿਆ ਕਿ ਕੁੱਝ ਪੁਲਿਸ ਮੁਲਾਜ਼ਮ ਅਤੇ ਹੋਰ ਦਫ਼ਤਰਾਂ ਦੇ ਕਰਮਚਾਰੀ ਆਪਸ ਵਿਚ ਮਿਲੀ ਭੁਗਤ ਕਰ ਚੁੱਕੇ ਹਨ | ਮੇਰੇ ਤੋਂ ਕੁੱਝ ਕਰਮਚਾਰੀਆਂ ਨੇ ਰਿਸ਼ਵਤ ਵੀ ਲੈ ਲਈ ਪਰ ਮੇਰਾ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ | ਗੁਰਦੀਪ ਸਿੰਘ ਨੇ ਇਸ ਜ਼ਮੀਨ 'ਤੋਂ ਨਾਜਾਇਜ਼ ਕਬਜ਼ਾਕਾਰੀਆਂ ਨੂੰ ਹਟਾਉਣ, ਜ਼ਮੀਨ ਦਾ ਬਣਦਾ ਠੇਕਾ ਲੈਣ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਕੋਲ ਗੁਹਾਰ ਲਾਈ ਹੈ |