ਫ਼ਿਰੋਜ਼ਪੁਰ, 10 ਜੂਨ (ਰਾਕੇਸ਼ ਚਾਵਲਾ)-ਰੇਲ ਯਾਤਰੀਆਂ ਦੀ ਸਹੂਲਤ ਅਤੇ ਡਿਜੀਟਲ ਟਿਕਟਿੰਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੱਜ ਲੁਧਿਆਣਾ, ਜਲੰਧਰ ਸਿਟੀ, ਢੰਡਾਰੀ ਕਲਾਂ ਅਤੇ ਅੰਮਿ੍ਤਸਰ ਰੇਲਵੇ ਸਟੇਸ਼ਨਾਂ 'ਤੇ 'ਰੇਲ ਵਨ ਐਪ' ਰਾਹੀਂ ਟਿਕਟਾਂ ਖ਼ਰੀਦਣ ਸਬੰਧੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ | ਇਹ ਮੁਹਿੰਮ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗ ਦਰਸ਼ਨ ਅਤੇ ਸੀਨੀਅਰ ਮੰਡਲ ਵਣਜ ਪ੍ਰਬੰਧਕ ਬਸੰਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਕੀਤੀ ਗਈ | ਮੁਹਿੰਮ ਦੌਰਾਨ ਅੱਜ ਸਟੇਸ਼ਨ ਕੰਪਲੈਕਸ ਵਿਚ ਬੈਨਰ ਅਤੇ ਸਟੈਂਡ ਲਗਾ ਕੇ ਯਾਤਰੀਆਂ ਨੂੰ 'ਰੇਲ ਵਨ ਐਪ' ਦੇ ਲਾਭਾਂ ਬਾਰੇ ਜਾਣੂ ਕਰਵਾਇਆ ਗਿਆ | ਮੌਕੇ 'ਤੇ ਇਨ੍ਹਾਂ ਸਟੇਸ਼ਨਾਂ 'ਤੇ ਲਗਭਗ 200 ਯਾਤਰੀਆਂ ਦੇ ਮੋਬਾਈਲ ਫੋਨਾਂ ਵਿਚ 'ਰੇਲ ਵਨ ਐਪ' ਇੰਸਟਾਲ ਕਰਵਾਈ ਗਈ | ਯਾਤਰੀਆਂ ਨੂੰ ਦੱਸਿਆ ਗਿਆ ਕਿ ਇਸ ਐਪ ਰਾਹੀਂ ਅਣਰਾਖਵੀਂ (ਅਨਰਿਜ਼ਰਵਡ) ਟਿਕਟ ਖ਼ਰੀਦਣ 'ਤੇ 3 ਫ਼ੀਸਦੀ ਦੀ ਛੋਟ ਮਿਲਦੀ ਹੈ | ਟਿਕਟ ਕਾਊਾਟਰ 'ਤੇ ਲੰਬੀਆਂ ਕਤਾਰਾਂ ਤੋਂ ਛੁਟਕਾਰਾ ਮਿਲਦਾ ਹੈ | ਸਾਰੇ ਲੈਣ-ਦੇਣ ਪੂਰੀ ਤਰ੍ਹਾਂ ਆਨਲਾਈਨ ਹੁੰਦੇ ਹਨ ਅਤੇ ਖੁੱਲ੍ਹੇ ਪੈਸਿਆਂ ਦੀ ਕੋਈ ਸਮੱਸਿਆ ਨਹੀਂ ਰਹਿੰਦੀ | ਸੀਨੀਅਰ ਮੰਡਲ ਵਣਜ ਪ੍ਰਬੰਧਕ ਬਸੰਤ ਕੁਮਾਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਦਾ ਟੀਚਾ ਹੈ ਕਿ ਡਿਜੀਟਲ ਸੇਵਾਵਾਂ ਰਾਹੀਂ ਯਾਤਰੀਆਂ ਨੂੰ ਸਰਲ, ਸੁਖਾਲ਼ੀਆਂ ਅਤੇ ਸੁਰੱਖਿਅਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ | 'ਰੇਲ ਵਨ ਐਪ' ਇਸ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ, ਜੋ ਰੇਲ ਯਾਤਰੀਆਂ ਲਈ ਇਕ ਡਿਜੀਟਲ ਸਾਥੀ ਵਜੋਂ ਕੰਮ ਕਰ ਰਿਹਾ ਹੈ | ਇਸ ਸਹੂਲਤ ਤਹਿਤ ਯਾਤਰੀਆਂ ਨੂੰ ਕਈ ਲਾਭ ਪ੍ਰਾਪਤ ਹੁੰਦੇ ਹਨ | ਜਿਨ੍ਹਾਂ ਵਿਚ ਖੁੱਲ੍ਹੇ ਪੈਸੇ ਰੱਖਣ ਦੇ ਝੰਜਟ ਤੋਂ ਮੁਕਤੀ, 3 ਫ਼ੀਸਦੀ ਦੀ ਛੋਟ, ਵਾਤਾਵਰਨ ਸੰਭਾਲ ਦੀ ਦਿਸ਼ਾ ਵਿਚ ਇਕ ਸ਼ਲਾਘਾਯੋਗ ਪਹਿਲ ਅਤੇ ਕਤਾਰਾਂ ਤੋਂ ਨਿਜਾਤ ਸ਼ਾਮਲ ਹੈ |