ਕਸ਼ਮੀਰ ਘਾਟੀ ਵਿਚ ਅਨਾਜ ਦੀ ਸਪਲਾਈ ਲਈ ਫ਼ਿਰੋਜ਼ਪੁਰ ਰੇਲ ਮੰਡਲ ਦੀ ਮਹੱਤਵਪੂਰਨ ਭੂਮਿਕਾ
ਅਜੀਤ ਡੈਸਕ
11-06-2026
ਫ਼ਿਰੋਜ਼ਪੁਰ, 10 ਜੂਨ (ਰਾਕੇਸ਼ ਚਾਵਲਾ) -ਪੰਜਾਬ ਦੇਸ਼ ਦਾ ਪ੍ਰਮੁੱਖ ਅਨਾਜ ਉਤਪਾਦਕ ਸੂਬਾ ਹੈ, ਜਿਸ ਨੂੰ ਭਾਰਤ ਦਾ ''ਅੰਨ ਭੰਡਾਰ'' ਵੀ ਕਿਹਾ ਜਾਂਦਾ ਹੈ | ਇੱਥੇ ਕਣਕ ਅਤੇ ਝੋਨੇ ਦਾ ਵੱਡੇ ਪੱਧਰ 'ਤੇ ਉਤਪਾਦਨ ਕੀਤਾ ਜਾਂਦਾ ਹੈ | ਪੰਜਾਬ ਵਿਚ ਪੈਦਾ ਹੋਇਆ ਅਨਾਜ ਨਾ ਸਿਰਫ਼ ਰਾਜ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ, ਸਗੋਂ ਪੂਰੇ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਅਨਾਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ | ਅਨਾਜ ਦੀ ਸਪਲਾਈ ਵਿਚ ਭਾਰਤੀ ਰੇਲਵੇ ਦੀ ਭੂਮਿਕਾ ਬਹੁਤ ਅਹਿਮ ਹੈ | ਭਾਰਤੀ ਰੇਲਵੇ ਰਾਹੀਂ ਹੀ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਅਤੇ ਗੁਦਾਮਾਂ ਤੋਂ ਅਨਾਜ ਨੂੰ ਦੇਸ਼ ਦੇ ਦੂਰ-ਦੁਰਾਡੇ ਦੇ ਹਿੱਸਿਆਂ ਤੱਕ ਸੁਰੱਖਿਅਤ, ਤੇਜ਼ ਅਤੇ ਵਿਵਸਥਿਤ ਤਰੀਕੇ ਨਾਲ ਪਹੁੰਚਾਇਆ ਜਾਂਦਾ ਹੈ | ਵਿਸ਼ੇਸ਼ ਤੌਰ 'ਤੇ ਫ਼ਿਰੋਜ਼ਪੁਰ ਮੰਡਲ ਤੋਂ ਮਾਲ ਗੱਡੀਆਂ ਰਾਹੀਂ ਵੱਡੀ ਮਾਤਰਾ ਵਿਚ ਅਨਾਜ ਦੀ ਢੋਆ-ਢੁਆਈ
ਕੀਤੀ ਜਾਂਦੀ ਹੈ |ਫ਼ਿਰੋਜ਼ਪੁਰ ਮੰਡਲ ਨੇ ਮਈ 2026 ਦੌਰਾਨ ਇਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ, ਜਿਸ ਵਿਚ 09 ਰੈਕ ਨਵੀਂ ਮੰਜ਼ਿਲ (ਅਨੰਤਨਾਗ) ਭੇਜ ਕੇ, ਅਪ੍ਰੈਲ 2026 ਦੇ ਮੁਕਾਬਲੇ ਮਾਲ ਢੋਆ-ਢੁਆਈ (ਲੋਡਿੰਗ) ਵਿਚ 50 ਪ੍ਰਤੀਸ਼ਤ ਵਾਧਾ ਦਰਜ ਕੀਤਾ ਹੈ | ਫ਼ਿਰੋਜ਼ਪੁਰ ਮੰਡਲ ਤੋਂ ਰੇਲਵੇ ਰਾਹੀਂ ਚੌਲ ਅਤੇ ਕਣਕ ਦੀ ਸਪਲਾਈ ਨਾਲ ਕਸ਼ਮੀਰ ਦੇ ਲੋਕਾਂ ਨੂੰ ਨਿਯਮਿਤ ਅਤੇ ਲੋੜੀਂਦੀ ਮਾਤਰਾ ਵਿਚ ਅਨਾਜ ਉਪਲਬਧ ਹੋ ਰਿਹਾ ਹੈ | ਰੇਲਵੇ ਰਾਹੀਂ ਵੱਡੇ ਪੱਧਰ 'ਤੇ ਚੌਲ ਅਤੇ ਕਣਕ ਦੀ ਢੋਆ-ਢੁਆਈ ਮੁਕਾਬਲਤਨ ਸਸਤੀ, ਸੁਰੱਖਿਅਤ ਅਤੇ ਸਮੇਂ ਸਿਰ ਹੁੰਦੀ ਹੈ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਫ਼ਿਰੋਜ਼ਪੁਰ ਮੰਡਲ ਦੇਸ਼ ਦੀ ਅਨਾਜ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਵਿਚ ਭੂਮਿਕਾ ਨਿਭਾ ਰਿਹਾ ਹੈ |