03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਤੇਜ਼ ਹਨ੍ਹੇਰੀ ਕਾਰਨ ਸੜਕਾਂ 'ਤੇ ਡਿੱਗੇ ਦਰੱਖ਼ਤ, ਬਿਜਲੀ ਸਪਲਾਈ ਠੱਪ

ਅਜੀਤ ਡੈਸਕ 13-06-2026
ਮੱਖੂ, 12 ਜੂਨ (ਵਰਿੰਦਰ ਮਨਚੰਦਾ)-ਪੰਜਾਬ 'ਚ ਕਈ ਮਹੀਨਿਆਂ ਦੀ ਤਪਸ਼ ਤੋਂ ਬਾਅਦ ਬੀਤੇ ਦਿਨ ਜਦ ਮੌਸਮ ਨੇ ਕਰਵੱਟ ਬਦਲੀ ਤਾਂ ਲੋਕਾਂ ਨੂੰ ਸੁੱਖ ਦਾ ਸਾਹ ਤਾਂ ਜ਼ਰੂਰ ਆਇਆ ਪਰ ਨਾਲ ਹੀ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ | ਦਰਅਸਲ ਪੰਜਾਬ ਦੇ ਸਰਹੱਦੀ ਖੇਤਰਾਂ ਵਿਚ ਬੀਤੇ ਦਿਨ ਮੀਂਹ ਦੇ ਨਾਲ-ਨਾਲ ਤੇਜ਼ ਹਨੇਰੀ ਵੀ ਆਈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ | ਇਸੇ ਤਰ੍ਹਾਂ ਕਸਬਾ ਮੱਖੂ ਅੰਦਰ ਕਈਆਂ ਥਾਵਾਂ 'ਤੇ ਸੜਕਾਂ ਉੱਪਰ ਦਰਖ਼ਤ ਡਿੱਗਣ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਅਤੇ ਤੇਜ਼ ਹਨੇਰੀ ਝੱਖੜ ਕਰਕੇ ਬਿਜਲੀ ਦੇ ਖੰਭੇ ਵੀ ਡਿੱਗੇ ਹਨ | ਜਿਸ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ | ਤੇਜ਼ ਹਨੇਰੀ ਕਾਰਨ ਦਫ਼ਤਰ ਨਗਰ ਪੰਚਾਇਤ ਮੱਖੂ ਦੇ ਬਾਹਰ ਮੇਨ ਗੇਟ 'ਤੇ ਬਣੇ ਪਾਰਕ ਦੀ ਚਾਰ ਦੀਵਾਰੀ ਦਰਖ਼ਤ ਡਿੱਗਣ ਨਾਲ ਬਿਲਕੁਲ ਟੁੱਟ ਗਈ ਅਤੇ ਜਿੰਨੇ ਵੀ ਦਰਖ਼ਤ ਸਨ ਸੜਕ ਦੇ ਵਿਚਕਾਰ ਤਾਰਾਂ 'ਤੇ ਆਣ ਡਿੱਗੇ | ਇਸ ਦੌਰਾਨ ਸ਼ਹਿਰ ਨੂੰ ਜੋੜਨ ਵਾਲਾ ਰਸਤਾ ਬਿਲਕੁਲ ਬੰਦ ਹੋ ਗਿਆ | ਸਵੇਰੇ ਤੜਕਸਾਰ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਵਲੋਂ ਪਹੁੰਚ ਕੇ ਸਫ਼ਾਈ ਸੇਵਕਾਂ ਦੀ ਮਦਦ ਨਾਲ ਇਨ੍ਹਾਂ ਦਰਖਤਾਂ ਨੂੰ ਸਾਈਡ 'ਤੇ ਕਰਵਾਇਆ ਗਿਆ ਅਤੇ ਬੰਦ ਰਸਤੇ ਨੂੰ ਖੁਲ੍ਹਵਾਇਆ ਗਿਆ |
ਪਿਛਲੀ ਖ਼ਬਰ 5 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਚੁਣਾਵੀ ਵਾਅਦਿਆਂ ਨੂੰ ਅਮਲ ਵਿਚ ਲਿਆਉਣ ਲੱਗੇ ਕੌਂਸਲਰ ਗਗਨਦੀਪ ਬੇਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।