ਫ਼ਿਰੋਜ਼ਪੁਰ, 16 ਜੂਨ (ਗੁਰਿੰਦਰ ਸਿੰਘ)-ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਫਿਰੋਜ਼ਪੁਰ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਲਈ ਦਹਿਸ਼ਤ ਦਾ ਕਾਰਨ ਬਣਿਆ ਹਬੀਬ ਕੇ ਬੰਨ੍ਹ ਇਕ ਵਾਰ ਫਿਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਖ਼ਤਰੇ ਦੀ ਘੰਟੀ ਵਜਾਉਂਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਕਾਰਨ ਬੰਨ੍ਹ ਨੂੰ ਲੱਗ ਰਹੀ ਲਗਾਤਾਰ ਢਾਅ ਨੇ ਸਥਾਨਕ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਬੰਨ੍ਹ ਦੇ ਨੇੜਲੇ ਪਿੰਡਾਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਸਾਲ 2025 ਵਿਚ ਆਏ ਹੜ੍ਹਾਂ ਦੌਰਾਨ ਹਬੀਬ ਕੇ ਬੰਨ੍ਹ ਟੁੱਟਣ ਦੇ ਬਿਲਕੁਲ ਕਿਨਾਰੇ ਪਹੁੰਚ ਗਿਆ ਸੀ। ਉਸ ਸਮੇਂ ਇਲਾਕਾ ਨਿਵਾਸੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਫੌਜ ਟੀਮਾਂ ਵਲੋਂ ਦਿਨ-ਰਾਤ ਕੀਤੀ ਗਈ ਮਿਹਨਤ ਸਦਕਾ ਵੱਡਾ ਨੁਕਸਾਨ ਟਲ ਗਿਆ ਸੀ ਅਤੇ ਸ਼ਹਿਰ ਨੂੰ ਡੁੱਬਣ ਤੋਂ ਬਚਾ ਲਿਆ ਗਿਆ ਸੀ। ਲੋਕਾਂ ਦਾ ਦੋਸ਼ ਹੈ ਕਿ ਉਸ ਘਟਨਾ ਤੋਂ ਬਾਅਦ ਨਾ ਤਾਂ ਸਰਕਾਰ ਨੇ ਕੋਈ ਢੁੱਕਵੇਂ ਕਦਮ ਚੁੱਕੇ ਅਤੇ ਨਾ ਹੀ ਸਬੰਧਤ ਵਿਭਾਗਾਂ ਨੇ ਬੰਨ੍ਹ ਦੀ ਪੱਕੀ ਮੁਰੰਮਤ ਵੱਲ ਧਿਆਨ ਦਿੱਤਾ। ਸਥਾਨਕ ਲੋਕਾਂ ਮੁਤਾਬਕ ਸਬੰਧਤ ਵਿਭਾਗ ਵਲੋਂ ਬੰਨ੍ਹ ਅਤੇ ਨੋਚਾਂ ਨੂੰ ਮਜ਼ਬੂਤ ਕਰਨ ਦੇ ਨਾਮ ’ਤੇ ਕੁਝ ਥਾਵਾਂ ’ਤੇ ਪੱਥਰ ਤਾਂ ਸੁੱਟ ਦਿੱਤੇ ਗਏ, ਪਰ ਕੋਈ ਤਕਨੀਕੀ ਜਾਂ ਸਥਾਈ ਮਜ਼ਬੂਤੀ ਨਹੀਂ ਕੀਤੀ ਗਈ। ਉਲਟਾ ਬੰਨ੍ਹ ਉੱਤੇ ਖਿਲਰੇ ਪੱਥਰ ਰਾਹਗੀਰਾਂ ਅਤੇ ਸਥਾਨਕ ਵਸਨੀਕਾਂ ਲਈ ਮੁਸੀਬਤ ਬਣੇ ਹੋਏ ਹਨ। ਕਈ ਥਾਵਾਂ ’ਤੇ ਕਟਾਅ ਲਗਾਤਾਰ ਜਾਰੀ ਹੈ। ਜਿਸ ਕਾਰਨ ਲੋਕਾਂ ਵਿਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਇਲਾਕਾ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਹਬੀਬ ਕੇ ਬੰਨ੍ਹ ਦੀ ਤੁਰੰਤ ਮੁਰੰਮਤ ਅਤੇ ਮਜ਼ਬੂਤੀਕਰਨ ਨਾ ਕੀਤਾ ਗਿਆ ਤਾਂ ਕਿਸੇ ਵੀ ਵੇਲੇ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਵੇਲੇ ਸ਼ਹਿਰ ਨੂੰ ਡੁੱਬਣ ਤੋਂ ਬਚਾਉਣਾ ਫਿਰ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੋ ਸਕਦਾ ਹੈ। ਲੋਕਾਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਮਾਨਸੂਨ ਦੀ ਆਮਦ ਤੋਂ ਪਹਿਲਾਂ ਜੰਗੀ ਪੱਧਰ ’ਤੇ ਕੰਮ ਕਰਕੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਹਜ਼ਾਰਾਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।