ਫਿਰੋਜ਼ਪੁਰ, 16 ਜੂਨ (ਗੁਰਿੰਦਰ ਸਿੰਘ)-ਜ਼ਿਲ੍ਹਾ ਪੱਧਰੀ “ਗਰੁੱਪ-2” ਟੀ-1 ਟ੍ਰਰੇਨਿੰਗ ਪ੍ਰੋਗਰਾਮ ਤਹਿਤ ਹਾਰਟੈਕ ਫਾਊਂਡੇਸ਼ਨ ਵਲੋਂ ਪੰਜਾਬ ਪੁਲਿਸ ਦੇ ਮਹਿਲਾ ਮਿੱਤਰ ਸਟਾਫ ਲਈ ਪੁਲਿਸ ਲਾਈਨ ਫਿਰੋਜ਼ਪੁਰ ਵਿਖੇ ਇਕ ਵਿਸ਼ੇਸ਼ ਟ੍ਰਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਟ੍ਰਰੇਨਿੰਗ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਮੋਗਾ ਨਾਲ ਸਬੰਧਿਤ ਮਹਿਲਾ ਮਿੱਤਰ ਸਟਾਫ਼ ਨੇ ਭਾਗ ਲਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਮਹਿਲਾ ਮਿੱਤਰਾਂ ਦੀ ਸਮਰੱਥਾ ਵਿਚ ਵਾਧਾ ਕਰਨਾ। ਉਨ੍ਹਾਂ ਨੂੰ ਸਮਾਜਿਕ ਮੁੱਦਿਆਂ ਪ੍ਰਤੀ ਹੋਰ ਸੰਵੇਦਨਸ਼ੀਲ ਬਣਾਉਣਾ ਅਤੇ ਕਮਿਊਨਿਟੀ ਪੋਲਿਸਿੰਗ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨਾ ਸੀ। ਟ੍ਰਰੇਨਿੰਗ ਦੌਰਾਨ ਹਾਰਟੈਕ ਫਾਊਂਡੇਸ਼ਨ ਦੀ ਟੀਮ ਵਲੋਂ ਭਾਗੀਦਾਰਾਂ ਨੂੰ ਕਮਿਊਨਿਟੀ ਨਾਲ ਬਿਹਤਰ ਸੰਪਰਕ ਸਥਾਪਿਤ ਕਰਨ, ਮਹਿਲਾਵਾਂ ਅਤੇ ਬੱਚਿਆਂ ਨਾਲ ਸਬੰਧਿਤ ਮਾਮਲਿਆਂ ਨੂੰ ਸੰਵੇਦਨਸ਼ੀਲਤਾ ਨਾਲ ਨਿਪਟਾਉਣ, ਜਾਗਰੂਕਤਾ ਮੁਹਿੰਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਅਤੇ ਸਮਾਜ ਵਿਚ ਪੁਲਿਸ ਦੀ ਸਕਾਰਾਤਮਿਕ ਭੂਮਿਕਾ ਨੂੰ ਮਜ਼ਬੂਤ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਟੀਮ ਵਲੋਂ ਮਹਿਲਾ ਮਿੱਤਰਾਂ ਨੂੰ ਵੱਖ-ਵੱਖ ਸਮਾਜਿਕ ਅਤੇ ਸੁਰੱਖਿਆ ਸਬੰਧੀ ਚੁਨੌਤੀਆਂ ਨਾਲ ਨਜਿੱਠਣ ਲਈ ਵਿਹਾਰਕ ਜਾਣਕਾਰੀ ਅਤੇ ਤਕਨੀਕੀ ਪੱਖਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਮੌਜੂਦ ਅਧਿਕਾਰੀਆਂ ਨੇ ਕਿਹਾ ਕਿ ਮਹਿਲਾ ਮਿੱਤਰ ਪੰਜਾਬ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਇਕ ਮਹੱਤਵਪੂਰਨ ਕੜੀ ਵਜੋਂ ਕੰਮ ਕਰਦੀਆਂ ਹਨ। ਉਨ੍ਹਾਂ ਦੀ ਭੂਮਿਕਾ ਨਾ ਸਿਰਫ਼ ਮਹਿਲਾਵਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਮਦਦਗਾਰ ਸਾਬਤ ਹੁੰਦੀ ਹੈ, ਸਗੋਂ ਸਮਾਜ ਵਿਚ ਸੁਰੱਖਿਆ ਅਤੇ ਭਰੋਸੇ ਦਾ ਮਾਹੌਲ ਸਿਰਜਣ ਵਿਚ ਵੀ ਅਹਿਮ ਯੋਗਦਾਨ ਪਾਉਂਦੀ ਹੈ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਸਮੇਤ ਸੀਨੀਅਰ ਅਧਿਕਾਰੀਆਂ ਵਲੋਂ ਟ੍ਰਰੇਨਿੰਗ ਦੌਰਾਨ ਸਾਂਝੇ ਕੀਤੇ ਗਏ ਸੁਝਾਵਾਂ, ਮਾਪਦੰਡਾਂ ਅਤੇ ਕਾਰਜ ਯੋਜਨਾਵਾਂ ਨੂੰ ਮੈਦਾਨੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਟ੍ਰਰੇਨਿੰਗ ਰਾਹੀਂ ਹਾਸਲ ਕੀਤੇ ਗਏ ਗਿਆਨ ਅਤੇ ਹੁਨਰ ਨੂੰ ਲੋਕਾਂ ਦੀ ਭਲਾਈ ਲਈ ਵਰਤਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਕਮਿਊਨਿਟੀ ਪੋਲਿਸਿੰਗ ਨੂੰ ਹੋਰ ਮਜ਼ਬੂਤ, ਜਵਾਬਦੇਹ ਅਤੇ ਲੋਕ-ਪੱਖੀ ਬਣਾਇਆ ਜਾ ਸਕੇ।