ਫ਼ਿਰੋਜ਼ਪੁਰ, 23 ਜੂਨ (ਗੁਰਿੰਦਰ ਸਿੰਘ)-ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਇਕ ਕੈਦੀ ਪੈਰੋਲ ’ਤੇ ਰਿਹਾਅ ਹੋਣ ਤੋਂ ਬਾਅਦ ਵਾਪਸ ਜੇਲ੍ਹ ਨਾ ਪਰਤਣ ਕਾਰਨ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਵਧੀਕ ਸਹਾਇਕ ਸੁਪਰਡੈਂਟ ਵਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ। ਸ਼ਿਕਾਇਤ ਅਨੁਸਾਰ ਕਿੱਕਰ ਸਿੰਘ ਪੁੱਤਰ ਮਹੰਦਾ ਸਿੰਘ ਵਾਸੀ ਪਿੰਡ ਪੱਲਾ ਮੇਘਾ, ਥਾਣਾ ਸਦਰ ਫਿਰੋਜ਼ਪੁਰ, ਮੁਕੱਦਮਾ ਨੰਬਰ 258 ਮਿਤੀ 10 ਅਕਤੂਬਰ 2015 ਅਧੀਨ 10 ਸਾਲ ਦੀ ਸਜ਼ਾ ਕੱਟ ਰਿਹਾ ਸੀ। ਜਿਸ ਨੂੰ ਹੁਕਮ ਨੰਬਰ 282 ਮਿਤੀ 30 ਦਸੰਬਰ 2025 ਤਹਿਤ 54 ਦਿਨਾਂ ਦੀ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ, ਪਰੰਤੂ ਪੈਰੋਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਵੀ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਵਾਪਸ ਦਾਖਲ ਨਹੀਂ ਹੋਇਆ। ਇਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਵਿਖੇ ਪੰਜਾਬ ਗੁੱਡ ਕੰਡਕਟ ਪ੍ਰਿਜ਼ਨਰਜ਼ ਟੈਂਪਰੇਰੀ ਰਿਲੀਜ਼ ਐਕਟ, 1962 ਦੀ ਧਾਰਾ 9 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।