ਫ਼ਿਰੋਜ਼ਪੁਰ, 23 ਜੂਨ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਸ਼ਹਿਰ ਵਿਚ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਸਿਆਸੀ ਸਰਗਰਮੀਆਂ ਦਿਨੋਂ-ਦਿਨ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਭਾਵੇਂ ਅਜੇ ਤੱਕ ਕਿਸੇ ਨਾਂ ਦਾ ਅਧਿਕਾਰਕ ਐਲਾਨ ਨਹੀਂ ਹੋਇਆ ਪਰ ਪਰਦੇ ਪਿੱਛੇ ਬੈਠਕਾਂ, ਸਲਾਹ-ਮਸ਼ਵਰੇ ਅਤੇ ਗਿਣਤੀ-ਮਿਣਤੀ ਦਾ ਦੌਰ ਲਗਾਤਾਰ ਜਾਰੀ ਹੈ। ਸੂਤਰਾਂ ਮੁਤਾਬਿਕ ਵੱਖ-ਵੱਖ ਧੜੇ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਸਮਰਥਨ ਇਕੱਠਾ ਕਰਨ ਵਿਚ ਲੱਗੇ ਹੋਏ ਹਨ। ਨਗਰ ਕੌਂਸਲ ਦੀ ਪ੍ਰਧਾਨੀ ਦੀ ਕੁਰਸੀ ਨੂੰ ਲੈ ਕੇ ਸਿਆਸੀ ਸਮੀਕਰਨ ਹਰ ਰੋਜ਼ ਬਦਲ ਰਹੇ ਹਨ, ਜਿਸ ਕਾਰਨ ਸ਼ਹਿਰ ਵਿਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਧਾਨੀ ਦੀ ਕੁਰਸੀ ਕਿਸੇ ਇਕ ਧੜੇ ਦੀ ਨਹੀਂ, ਸਗੋਂ ਉਸ ਵਿਅਕਤੀ ਨੂੰ ਮਿਲਣੀ ਚਾਹੀਦੀ ਹੈ ਜੋ ਸ਼ਹਿਰ ਦੇ ਵਿਕਾਸ, ਸਫ਼ਾਈ, ਟੁੱਟੀਆਂ ਸੜਕਾਂ, ਸਟਰੀਟ ਲਾਈਟਾਂ ਅਤੇ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇਵੇ। ਲੋਕਾਂ ਦਾ ਮੰਨਣਾ ਹੈ ਕਿ ਹੁਣ ਸਿਆਸੀ ਖਿੱਚਤਾਣ ਤੋਂ ਵੱਧ ਸ਼ਹਿਰ ਦੇ ਵਿਕਾਸ ’ਤੇ ਧਿਆਨ ਦੇਣ ਦੀ ਲੋੜ ਹੈ। ਦੂਜੇ ਪਾਸੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨ ਫਿਰੋਜ਼ਪੁਰ ਦੀ ਸਿਆਸਤ ਲਈ ਕਾਫ਼ੀ ਅਹਿਮ ਹੋ ਸਕਦੇ ਹਨ।