ਫ਼ਿਰੋਜ਼ਪੁਰ,23 ਜੂਨ (ਕੁਲਬੀਰ ਸਿੰਘ ਸੋਢੀ)-ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਆਮ ਆਦਮੀ ਪਾਰਟੀ ਦੇ ਵੱਖ-ਵੱਖ ਅਹੁਦਿਆਂ ’ਤੇ ਰਹਿ ਕੇ ਪਾਰਟੀ ਦਾ ਪ੍ਰਚਾਰ ਕਰਨ ਵਾਲੇ ਅਤੇ ਸਾਲ 2022 ਵਿਚ ਹਲਕਾ ਦਿਹਾਤੀ ਤੋਂ ‘ਆਪ’ ਦੇ ਵਿਧਾਇਕ ਬਣੇ ਐਡਵੋਕੇਟ ਰਜਨੀਸ਼ ਦਹੀਆ ਦੀ ਵੱਖਰੀ ਪਹਿਚਾਣ ਬਣ ਚੁੱਕੀ ਹੈ। ਜਿਨ੍ਹਾਂ ਵਲੋਂ ਹਲਕੇ ਅੰਦਰ ਕਰਵਾਏ ਵਿਕਾਸ ਕਾਰਜ ‘ਆਪ’ ਮੁਹਾਰੇ ਬੋਲਦੇ ਹਨ। ਵਿਧਾਨ ਸਭਾ ਚੋਣਾਂ 2027 ’ਤੇ ਹਲਕੇ ਦੇ ਹੋਏ ਵਿਕਾਸ ਕਾਰਜਾਂ ’ਤੇ ਚੱਲ ਰਹੇ ਕੰਮਾਂ ਸਬੰਧੀ ਵਿਧਾਇਕ ਰਜਨੀਸ਼ ਦਹੀਆ ਨੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਵਿਸ਼ੇਸ਼ ਮੁਲਾਕਾਤ ਹੋਈ। ਜਿੱਥੇ ਉਨ੍ਹਾਂ ਸੂਬਾ ਸਰਕਾਰ ਦੀ ਦੇਖ ਰੇਖ ਵਿਚ ਨਾਲ ਹੋਈ ਮੁਲਾਕਾਤ ਪਿੱਛੋਂ ਹਲਕਾ ਦਿਹਾਤੀ ਵਿਧਾਇਕ ਰਜਨੀਸ਼ ਦਹੀਆ ਨੇ ‘ਅਜੀਤ’ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਵਿਸ਼ੇਸ਼ ਮੁਲਾਕਾਤ ਦੌਰਾਨ ਜਿੱਥੇ ਫ਼ਿਰੋਜ਼ਪੁਰ ਦਿਹਾਤੀ ਹਲਕੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ, ਉੱਥੇ ਜ਼ਿਲ੍ਹਾ ਪੱਧਰੀ ਚੱਲ ਰਹੇ ਕਾਰਜਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਵਿਧਾਇਕ ਦਹੀਆ ਨੇ ਅੱਗੇ ਦੱਸਿਆ ਕਿ ਹਲਕੇ ਅੰਦਰ ਬਣੇ ਮੁਹੱਲਾ ਕਲੀਨਿਕਾਂ, ਹਲਕੇ ਅੰਦਰ ਅਪਗ੍ਰੇਡ ਕਰਵਾਏ ਬਿਜਲੀ ਗਰਿੱਡ, ਨਵੀਆਂ ਸੜਕਾਂ ਅਤੇ ਰਿਪੇਅਰ, ਸਕੂਲਾਂ ਅੰਦਰ ਕੀਤੇ ਕਾਰਜਾਂ, ਪੀ.ਐੱਚ.ਸੀ ਵਿਚਲੇ ਸੁਧਾਰ, ਨਗਰ ਪੰਚਾਇਤਾਂ ਦੇ ਕਾਰਜ, ਪਿੰਡਾਂ ਦੀ ਪੰਚਾਇਤਾਂ ਨੂੰ ਦਿੱਤੇ ਫ਼ੰਡਾਂ, ਸ਼ਮਸ਼ਾਨ ਘਾਟ ਦੇ ਨਿਰਮਾਣ, ਬਿਜਲੀ ਸਪਲਾਈ ਦੇ ਸੁਧਾਰ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਕੀਤੇ ਕਾਰਜ, ‘ਆਪ’ ਦੇ ਯੂਥ ਵਿੰਗ ਵਲੋਂ ਹਲਕੇ ਦੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਚਲਾਏ ਜਾ ਰਹੇ ਮਿਸ਼ਨ, ਮਾਵਾਂ ਧੀਆਂ ਸਤਿਕਾਰ ਯੋਜਨਾ ਅਤੇ ਮੇਰੀ ਰਸੋਈ ਆਦਿ ਬਾਰੇ ਸਮੂਹਿਕ ਜਾਣਕਾਰੀ ਸਾਂਝੀ ਕੀਤੀ ’ਤੇ ਹਲਕੇ ਦੇ ਲੋਕਾਂ ਦੀਆਂ ਰਹਿੰਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਵਿਧਾਇਕ ਦਹੀਆ ਨੇ ਅੱਗੇ ਦੱਸਿਆ ਕਿ ਮੁਲਾਕਾਤ ਦੌਰਾਨ ਵਿਸ਼ੇਸ਼ ਤੌਰ ’ਤੇ ਆਉਂਦੀਆਂ ਵਿਧਾਨ ਸਭਾ ਚੋਣਾਂ 2027 ਬਾਰੇ ਵੀ ਵਿਚਾਰ ਚਰਚਾ ਕੀਤੀ ਗਈ ’ਤੇ ਕਈ ਵੱਖ-ਵੱਖ ਪਹਿਲੂਆਂ ਨੂੰ ਸਾਹਮਣੇ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ‘ਆਪ’ ਸੁਪਰੀਮੋ ਨੇ ਚੋਣਾਂ ਸਬੰਧੀ ਕਈ ਪਹਿਲੂਆਂ ਨੂੰ ਸਾਂਝਾ ਕੀਤਾ ’ਤੇ ਥਾਪੜਾ ਦਿੱਤਾ ਕਿ ਹਲਕਾ ਦਿਹਾਤੀ ਦੀ ਨੁਹਾਰ ਬਦਲਣ ਲਈ ਜਿਨ੍ਹੇ ਵੀ ਫ਼ੰਡ ਚਾਹੀਦੇ ਹਨ, ਲਿਖਕੇ ਭੇਜੋ, ਮੁਹੱਈਆ ਕਰਵਾਏ ਜਾਣਗੇ ਤਾਂ ਕਿ ਲੋਕਾਂ ਨੂੰ ਕਿਸੇ ਵੀ ਸਹੂਲਤ ਤੋਂ ਵਾਂਝਾ ਨਾ ਰੱਖਿਆ ਜਾ ਸਕੇ। ਅਖੀਰ ਵਿਚ ਵਿਧਾਇਕ ਦਹੀਆ ਨੇ ਦੱਸਿਆ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹਲਕੇ ਅੰਦਰ ਭਲਾਈ ਲਈ ਵੱਡੇ ਪੈਮਾਨੇ ਦੇ ਪ੍ਰੋਜੈਕਟਾਂ ਅਤੇ ਨਵੇਂ ਮੌਕੇ ਲਿਆਉਣ ਦੇ ਨਾਲ-ਨਾਲ ਭਵਿੱਖ ਵਿਚ ਵਿਕਾਸ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਪਹਿਲਕਦਮੀਆਂ ’ਤੇ ਜ਼ੋਰ ਦੇਣ ਬਾਰੇ ਕਿਹਾ।