28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਭਾਕਿਯੂ ਲੱਖੋਵਾਲ ਵਲੋਂ ਕਿਸਾਨੀ ਮੁੱਦਿਆਂ ਅਤੇ ਗੁਰੂਹਰਸਹਾਏ ਧਰਨੇ ਸੰਬੰਧੀ ਸਰਕਾਰ ਤੇ ਪੁਲਿਸ ਖ਼ਿਲਾਫ਼ ਸਖ਼ਤ ਰੁਖ਼

ਅਜੀਤ ਡੈਸਕ 25-06-2026
ਗੁਰੂਹਰਸਹਾਏ, 24 ਜੂਨ (ਹਰਚਰਨ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕ ਅਹਿਮ ਮੀਟਿੰਗ ਸੂਬਾ ਮੀਤ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ ਦੀ ਪ੍ਰਧਾਨਗੀ ਗੁਰੂਹਰਸਹਾਏ ਹੇਠ ਹੋਈ। ਜਿਸ ਵਿਚ ਕਿਸਾਨੀ ਅਤੇ ਮਜ਼ਦੂਰਾਂ ਨਾਲ ਜੁੜੇ ਕਈ ਗੰਭੀਰ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਡਿਫੈਂਸ ਬੰਨ੍ਹ ਹੇਠ ਕਿਸਾਨਾਂ ਦੀ ਜ਼ਮੀਨ ਦੱਬੇ ਜਾਣ ਦੇ ਮਾਮਲੇ ਦਾ ਤਿੱਖਾ ਵਿਰੋਧ ਕੀਤਾ ਗਿਆ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਤੁਰੰਤ ਇਸ ਕੰਮ ਨੂੰ ਬੰਦ ਨਾ ਕੀਤਾ ਗਿਆ ਤਾਂ ਜਥੇਬੰਦੀ ਵਲੋਂ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਮੀਟਿੰਗ ਦੌਰਾਨ ਗੁਰੂਹਰਸਹਾਏ ਵਿਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਧਰਨੇ ਸਬੰਧੀ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਡੀ.ਐਸ.ਪੀ. ਗੁਰੂਹਰਸਹਾਏ ਦੀ ਢਿੱਲੀ ਕਾਰਗੁਜ਼ਾਰੀ ’ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਇਨਸਾਫ਼ ਲਈ ਸੰਘਰਸ਼ ਕਰ ਰਹੇ ਲੋਕਾਂ ਦੀਆਂ ਮੰਗਾਂ ਨੂੰ ਅਣਡਿੱਠਾ ਕਰਨਾ ਕਤਈ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸਿਵਤਾਰ ਸਿੰਘ ਬਰਾੜ ਝਾੜੀਵਾਲਾ ਨੇ ਕਿਹਾ ਕਿ ਬੀਬੋ ਰਾਣੀ ਨੂੰ ਇਨਸਾਫ਼ ਦਿਵਾਉਣ ਲਈ ਜਥੇਬੰਦੀ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਟਾਰ-ਬੀ ਭੱਠੇ ’ਤੇ ਮਜ਼ਦੂਰਾਂ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿਚ ਫਲਕਣ ਸਿੰਘ, ਉਸ ਦੀਆਂ ਭੈਣਾਂ ਨਿਰਮਲਾ ਅਤੇ ਸੋਨੀਆ ਅਤੇ ਉਨ੍ਹਾਂ ਦੇ ਪਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਾ ਹੋਣ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵਲੋਂ ਮਾਮਲੇ ਵਿਚ ਲਾਪਰਵਾਹੀ ਵਰਤੀ ਜਾ ਰਹੀ ਹੈ। ਜਿਸ ਕਾਰਨ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਸਿਵਤਾਰ ਸਿੰਘ ਬਰਾੜ ਨੇ ਕਿਹਾ ਕਿ ਜਥੇਬੰਦੀ ਜਲਦ ਹੀ ਐੱਸ.ਐੱਸ.ਪੀ. ਨਾਲ ਮੁਲਾਕਾਤ ਕਰੇਗੀ ਅਤੇ ਬੀਬੋ ਰਾਣੀ ਨੂੰ ਉਸ ਦੇ ਘਰ ਸੁਰੱਖਿਅਤ ਪਹੁੰਚਾਉਣ ਦੇ ਨਾਲ-ਨਾਲ ਬੰਦ ਪਏ ਭੱਠੇ ਨੂੰ ਮੁੜ ਚਾਲੂ ਕਰਵਾਉਣ ਲਈ ਮੰਗ ਉਠਾਈ ਜਾਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੇ ਦਬਾਅ ਹੇਠ ਆ ਕੇ ਕਾਰਵਾਈ ਕਰਨ ਤੋਂ ਗੁਰੇਜ਼ ਕੀਤਾ ਜਾਂ ਪੀੜਤਾਂ ਨੂੰ ਇਨਸਾਫ਼ ਦੇਣ ਵਿਚ ਅਣਗਹਿਲੀ ਕੀਤੀ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਵੱਡਾ ਅਤੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਮੀਟਿੰਗ ਵਿਚ ਹਾਜ਼ਰ ਆਗੂਆਂ ਨੇ ਇਕ ਸੁਰ ਵਿੱਚ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਲਈ ਜਥੇਬੰਦੀ ਹਰ ਮੋਰਚੇ ’ਤੇ ਸੰਘਰਸ਼ ਕਰਨ ਲਈ ਤਿਆਰ ਹੈ ਅਤੇ ਕਿਸੇ ਵੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਿਛਲੀ ਖ਼ਬਰ ਯੂਥ ਕਾਂਗਰਸ ਚੋਣਾਂ ’ਚ ਬਲੀ ਸਿੰਘ ਉਸਮਾਨ ਵਾਲਾ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਘਰ ਦੀ ਭੰਨਤੋੜ ਕਰਨ, ਨਕਦੀ, ਸੋਨਾ ਚੋਰੀ ਕਰਨ ਦੇ ਦੋਸ਼ਾਂ ਹੇਠ ਤਿੰਨ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।