01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਫ਼ਿਰੋਜ਼ਪੁਰ ਦੇ ਪਿੰਡ ਸੂਬਾ ਕਦੀਮ ਦੇ ਨੌਜਵਾਨ ਦੀ ਲੰਡਨ ਵਿਚ ਮੌਤ * 2021 ’ਚ ਸਟੱਡੀ ਵੀਜ਼ੇ ’ਤੇ ਲੰਡਨ ਗਿਆ ਸੀ ਦੋ ਭੈਣਾਂ ਦਾ ਇਕਲੌਤਾ ਭਰਾ ਸਹਿਜਦੀਪ * ਪਰਿਵਾਰ ਨੇ ਸਰਕਾਰ ਤੋਂ ਮ੍ਰਿਤਕ ਦੇਹ ਵਾਪਸ ਲਿਆਉਣ ਦੀ ਲਾਈ ਗੁਹਾਰ

ਅਜੀਤ ਡੈਸਕ 10-07-2026
ਫ਼ਿਰੋਜ਼ਪੁਰ, 9 ਜੁਲਾਈ (ਗੁਰਿੰਦਰ ਸਿੰਘ)-ਉੱਚ ਸਿੱਖਿਆ ਹਾਸਿਲ ਕਰ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ ਵਿਚ ਪੜ੍ਹਨ ਗਏ, ਫ਼ਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਸੁਬ੍ਹਾ ਕਦੀਮ ਦੇ ਰਹਿਣ ਵਾਲੇ ਦੋ ਭੈਣਾਂ ਦੇ ਇਕਲੌਤੇ ਭਰਾ ਸਹਿਜਦੀਪ ਸਿੰਘ (26) ਦੀ ਬੀਤੇ ਦਿਨੀਂ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। 17 ਜੂਨ, 2021 ਨੂੰ ਸਟੱਡੀ ਵੀਜ਼ੇ ’ਤੇ ਲੰਡਨ ਗਿਆ ਸਹਿਜਦੀਪ ਸਿੰਘ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਵਰਕ ਪਰਮਿਟ ਹਾਸਲ ਕਰ ਇਕ ਮਾਲ ਵਿਚ ਸੇਲਜ਼ਮੈਨ ਵਜੋਂ ਕੰਮ ਕਰ ਰਿਹਾ ਸੀ। ਲੰਡਨ ਵਿਚ ਲੰਬੇ ਸਮੇਂ ਤੱਕ ਰਹਿਣ ਤੋਂ ਬਾਅਦ, ਸਹਿਜਦੀਪ ਸਿੰਘ ਪੰਜ ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਲਈ ਆਪਣੇ ਵਤਨ ਵਾਪਸ ਆਉਣ ਦਾ ਸੁਪਨਾ ਦੇਖ ਰਿਹਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਸਹਿਜਦੀਪ ਸਿੰਘ ਇਸ ਮਹੀਨੇ ਲਗਭਗ ਪੰਜ ਸਾਲ ਬਾਅਦ ਘਰ ਪਰਤਣ ਵਾਲਾ ਸੀ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਸਹਿਜਦੀਪ ਸਿੰਘ ਨੇ ਆਪਣੀ ਮੌਤ ਤੋਂ ਦੋ ਦਿਨ ਪਹਿਲਾਂ ਵੀਡੀਓ ਕਾਲ ’ਤੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ। ਉਸ ਸਮੇਂ, ਉਹ ਪੂਰੀ ਤਰ੍ਹਾਂ ਤੰਦਰੁਸਤ ਸੀ । ਹਾਲਾਂਕਿ, ਸੋਮਵਾਰ ਨੂੰ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ। ਅਗਲੇ ਦਿਨ, ਜਦੋਂ ਉਸ ਦੇ ਦੋਸਤ ਨੇ ਕਈ ਵਾਰ ਫ਼ੋਨ ਕੀਤਾ, ਤਾਂ ਇਕ ਪੁਲਿਸ ਅਧਿਕਾਰੀ ਨੇ ਫ਼ੋਨ ਚੁੱਕਿਆ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਅਧਿਕਾਰੀ ਨੇ ਕਿਹਾ ਕਿ ਸਹਿਜਦੀਪ ਇਕ ਪਾਰਕ ਵਿਚ ਬੇਹੋਸ਼ ਪਾਇਆ ਗਿਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਦੱਸਿਆ ਕਿ ਉਸ ਦੀ ਮੌਤ ਨੂੰ 23 ਦਿਨ ਬੀਤ ਚੁੱਕੇ ਹਨ। ਪਰ ਉਸ ਦੀ ਲਾਸ਼ ਅਜੇ ਤੱਕ ਭਾਰਤ ਨਹੀਂ ਪਹੁੰਚੀ। ਮ੍ਰਿਤਕ ਦੇ ਪਿਤਾ ਬੀਰ ਸਿੰਘ, ਉਸ ਦੀ ਮਾਤਾ ਅਮਨਦੀਪ ਕੌਰ ਅਤੇ ਪੂਰਾ ਪਰਿਵਾਰ ਪੂਰੀ ਤਰ੍ਹਾਂ ਸਦਮੇ ਵਿਚ ਹਨ ਅਤੇ ਲਗਾਤਾਰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਬੇਨਤੀ ਕਰ ਰਹੇ ਹਨ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਪੰਜਾਬ ਲਿਆਂਦਾ ਜਾਵੇ ਤਾਂ ਜੋ ਪਰਿਵਾਰ ਉਸ ਦੇ ਪਿੰਡ ਵਿਚ ਅੰਤਿਮ ਸੰਸਕਾਰ ਕਰ ਸਕੇ। ਜਦੋਂ ਸਹਿਜਦੀਪ ਸਿੰਘ ਦੀ ਮੌਤ ਦੀ ਖ਼ਬਰ ਪਿੰਡ ਪਹੁੰਚੀ ਤਾਂ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਮੁੜ ਸ਼ੁਰੂ ਅਗਲੀ ਖ਼ਬਰ ਆਲ ਇੰਡੀਆ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਯੂਨੀਅਨ ਪੰਜਾਬ (ਏਟਕ) ਦੇ ਆਗੂਆਂ ਅਤੇ ਮੈਂਬਰਾਂ ਨੇ ਫੂਕਿਆ ਸੂਬਾ ਸਰਕਾਰ ਦਾ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।