03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਇੰਪੀਰੀਅਲ ਇੰਟਰਨੈਸ਼ਨਲ ਸਕੂਲ ਵਿਖੇ ‘ਲਾਈਫ਼ ਸਕਿੱਲਜ਼’ ਵਿਸ਼ੇ ’ਤੇ ਸੀ.ਬੀ.ਐੱਸ.ਈ.ਦਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 15-07-2026
ਅਬੋਹਰ, 14 ਜੁਲਾਈ (ਵਿਵੇਕ ਹੂੜੀਆ)-ਖੁਈਆਂ ਸਰਵਰ ਸਥਿਤ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਵਿਖੇ ਸੀ.ਬੀ.ਐੱਸ.ਈ. ਸੈਂਟਰ ਆਫ਼ ਐਕਸੀਲੈਂਸ, ਲੁਧਿਆਣਾ ਦੇ ਸਹਿਯੋਗ ਨਾਲ ‘ਲਾਈਫ਼ ਸਕਿੱਲਜ਼’ ਵਿਸ਼ੇ ’ਤੇ ਇਕ ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਵਿਦਿਆਰਥੀਆਂ ਵਿਚ ਜ਼ਰੂਰੀ ਜੀਵਨ ਹੁਨਰ ਵਿਕਸਿਤ ਕਰਨ ਦੇ ਪ੍ਰਭਾਵਸ਼ਾਲੀ ਤਰੀਕਿਆਂ ਤੋਂ ਜਾਣੂ ਕਰਵਾਉਣਾ ਅਤੇ ਅਧਿਆਪਨ ਪ੍ਰਕਿਰਿਆ ਨੂੰ ਵਧੇਰੇ ਸਾਰਥਿਕ ਅਤੇ ਵਿਦਿਆਰਥੀ-ਕੇਂਦਰਿਤ ਬਣਾਉਣਾ ਸੀ। ਪ੍ਰੋਗਰਾਮ ਦਾ ਸੰਚਾਲਨ ਸੀ.ਬੀ.ਐੱਸ.ਈ. ਦੇ ਰਿਸੋਰਸ ਪਰਸਨ ਕਮਲਜੀਤ ਕੌਰ ਅਤੇ ਨਵਦੀਪ ਸਿੰਘ ਵਲੋਂ ਕੀਤਾ ਗਿਆ। ਸਿਖਲਾਈ ਸੈਸ਼ਨ ਦੌਰਾਨ ਉਨ੍ਹਾਂ ਨੇ ਅਧਿਆਪਕਾਂ ਨੂੰ ਸੰਚਾਰ ਹੁਨਰ, ਫ਼ੈਸਲਾ ਲੈਣ ਦੀ ਸਮਰੱਥਾ, ਸਮੱਸਿਆ ਹੱਲ ਕਰਨਾ, ਭਾਵਨਾਤਮਕ ਸੰਤੁਲਨ, ਸਵੈ-ਜਾਗਰੂਕਤਾ, ਸਹਿਯੋਗ ਅਤੇ ਲੀਡਰਸ਼ਿਪ ਵਰਗੇ ਮਹੱਤਵਪੂਰਨ ਜੀਵਨ ਹੁਨਰਾਂ ਨੂੰ ਰੋਜ਼ਾਨਾ ਜਮਾਤ ਦੇ ਅਧਿਆਪਨ ਨਾਲ ਜੋੜਨ ਦੇ ਵਿਹਾਰਕ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸੈਸ਼ਨ ਦੌਰਾਨ ਵੱਖ-ਵੱਖ ਗਤੀਵਿਧੀਆਂ, ਸਮੂਹ ਚਰਚਾਵਾਂ ਅਤੇ ਉਦਾਹਰਨਾਂ ਰਾਹੀਂ ਇਹ ਸਮਝਾਇਆ ਗਿਆ ਕਿ ਜੀਵਨ ਹੁਨਰ ਕੇਵਲ ਪਾਠਕ੍ਰਮ ਦਾ ਹਿੱਸਾ ਨਹੀਂ ਹਨ, ਸਗੋਂ ਇਹ ਵਿਦਿਆਰਥੀਆਂ ਨੂੰ ਸਫਲ, ਜ਼ਿੰਮੇਵਾਰ ਅਤੇ ਆਤਮ-ਵਿਸ਼ਵਾਸੀ ਨਾਗਰਿਕ ਬਣਾਉਣ ਦੀ ਨੀਂਹ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਵੀ ਕੁਮਾਰ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਸਿਰਫ਼ ਵਿਸ਼ੇ ਦਾ ਗਿਆਨ ਹੀ ਕਾਫ਼ੀ ਨਹੀਂ ਹੈ। ਵਿਦਿਆਰਥੀਆਂ ’ਚ ਜੀਵਨ ਹੁਨਰ ਵਿਕਸਿਤ ਕਰਨਾ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਹਰ ਪਰਿਸਥਿਤੀ ਦਾ ਆਤਮ-ਵਿਸ਼ਵਾਸ ਨਾਲ ਸਾਹਮਣਾ ਕਰ ਸਕਣ। ਉੱਥੇ ਹੀ ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਿਆਰੀ ਸਿੱਖਿਆ ਦਾ ਉਦੇਸ਼ ਸਿਰਫ਼ ਚੰਗੇ ਅੰਕ ਦਿਵਾਉਣਾ ਨਹੀਂ, ਸਗੋਂ ਅਜਿਹੀ ਸੰਵੇਦਨਸ਼ੀਲ ਅਤੇ ਸਮਰੱਥ ਸ਼ਖ਼ਸੀਅਤ ਤਿਆਰ ਕਰਨਾ ਹੈ ਜੋ ਜੀਵਨ ਦੀਆਂ ਚੁਨੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕਰ ਸਕੇ। ਇਹ ਆਯੋਜਨ ਸਿੱਧ ਕਰਦਾ ਹੈ ਕਿ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਕੇਵਲ ਕਿਤਾਬੀ ਸਿੱਖਿਆ ਹੀ ਨਹੀਂ, ਸਗੋਂ ਜੀਵਨ ਲਈ ਤਿਆਰ ਨਾਗਰਿਕਾਂ ਦੇ ਨਿਰਮਾਣ ਲਈ ਵੀ ਵਚਨਬੱਧ ਹੈ।
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਫਿਰੋਜ਼ਪੁਰ ਵਿਖੇ ਮੋਟਰਸਾਈਕਲ ਮਾਰਚ ਅੱਜ ਅਗਲੀ ਖ਼ਬਰ ਜ਼ਿਲ੍ਹੇ ’ਚ ਸੜਕਾਂ ਦੇ ਨਿਰਮਾਣ ਕਾਰਜਾਂ ’ਚ ਗੁਣਵੱਤਾ, ਸਮਾਂਬੱਧਤਾ ਅਤੇ ਆਪਸੀ ਤਾਲਮੇਲ ਯਕੀਨੀ ਬਣਾਇਆ ਜਾਵੇ -ਡਿਪਟੀ ਕਮਿਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।