ਫ਼ਿਰੋਜ਼ਪੁਰ ਪੁਲਿਸ ਵਲੋਂ ਅਪਰਾਧਿਕ ਗਤੀਵਿਧੀਆਂ ’ਤੇ ਨਕੇਲ ਕੱਸਣ ਲਈ ‘ਆਪ੍ਰੇਸ਼ਨ ਪ੍ਰਹਾਰ 4.0’ ਦੀ ਸ਼ੁਰੂਆਤ
ਫ਼ਿਰੋਜ਼ਪੁਰ, 10 ਅਗਸਤ (ਗੁਰਿੰਦਰ ਸਿੰਘ)-ਬੀਤੇ ਦਿਨ ਫ਼ਿਰੋਜ਼ਪੁਰ ਪੁਲਿਸ ਵਲੋਂ ਜ਼ਿਲ੍ਹੇ ਵਿਚ ਸੰਗਠਿਤ ਅਪਰਾਧ, ਨਸ਼ਾ ਤਸਕਰੀ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਨਕੇਲ ਕੱਸਣ ਲਈ ਵੱਡੀ ਪੱਧਰ ’ਤੇ ਸਾਂਝੀ ਕਾਰਵਾਈ ਕਰਦਿਆਂ ‘ਆਪ੍ਰੇਸ਼ਨ ਪ੍ਰਹਾਰ 4. 0’ ਚਲਾਇਆ ਗਿਆ।
ਅ
ਅਪ੍ਰੇਸ਼ਨ ਪਰਿਹਾਰ 4.0 ਦੌਰਾਨ ਚੈਕਿੰਗ ਅਭਿਆਨ ਦੀ ਅਗਵਾਈ ਕਰਦੇ ਡੀ.ਆਈ.ਜੀ ਸਨੇਹਦੀਪ ਸ਼ਰਮਾ ਅਤੇ ਐੱਸ.ਐੱਸ.ਪੀ ਭੁਪਿੰਦਰ ਸਿੰਘ ਸਿੱਧੂ। ਅਜੀਤ ਤਸਵੀਰ
11-08-2026
ਫ਼ਿਰੋਜ਼ਪੁਰ, 10 ਅਗਸਤ (ਗੁਰਿੰਦਰ ਸਿੰਘ)-ਬੀਤੇ ਦਿਨ ਫ਼ਿਰੋਜ਼ਪੁਰ ਪੁਲਿਸ ਵਲੋਂ ਜ਼ਿਲ੍ਹੇ ਵਿਚ ਸੰਗਠਿਤ ਅਪਰਾਧ, ਨਸ਼ਾ ਤਸਕਰੀ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਨਕੇਲ ਕੱਸਣ ਲਈ ਵੱਡੀ ਪੱਧਰ ’ਤੇ ਸਾਂਝੀ ਕਾਰਵਾਈ ਕਰਦਿਆਂ ‘ਆਪ੍ਰੇਸ਼ਨ ਪ੍ਰਹਾਰ 4.0’ ਚਲਾਇਆ ਗਿਆ। ਇਹ ਵਿਸ਼ੇਸ਼ ਮੁਹਿੰਮ ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਅਤੇ ਐੱਸਐੱਸਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਚਲਾਈ ਗਈ, ਜਿਸ ਵਿਚ ਜ਼ਿਲ੍ਹੇ ਭਰ ਤੋਂ ਕਰੀਬ 700 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ। ਪੁਲਿਸ ਅਨੁਸਾਰ ਇਸ ਮੁਹਿੰਮ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿਚ ਸਰਗਰਮ ਅਪਰਾਧਿਕ ਨੈੱਟਵਰਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜੜ੍ਹ ਤੋਂ ਖ਼ਤਮ ਕਰਨਾ, ਨਸ਼ਾ ਤਸਕਰੀ ’ਤੇ ਪ੍ਰਭਾਵਸ਼ਾਲੀ ਰੋਕ ਲਗਾਉਣਾ ਅਤੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨਾ ਹੈ। ਇਸ ਦੇ ਨਾਲ ਹੀ ਆਮ ਲੋਕਾਂ ਵਿਚ ਪੁਲਿਸ ਪ੍ਰਤੀ ਭਰੋਸਾ ਹੋਰ ਮਜ਼ਬੂਤ ਕਰਨਾ ਵੀ ਮੁਹਿੰਮ ਦਾ ਅਹਿਮ ਉਦੇਸ਼ ਦੱਸਿਆ ਗਿਆ। ‘ਆਪ੍ਰੇਸ਼ਨ ਪ੍ਰਹਾਰ 4.0’ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੰਜਾਮ ਦੇਣ ਲਈ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ। ਵੱਖ-ਵੱਖ ਸਬ-ਡਵੀਜ਼ਨਾਂ ’ਚ ਇਕੋ ਸਮੇਂ ਕਾਰਵਾਈਆਂ ਕੀਤੀਆਂ ਗਈਆਂ। ਸੰਬੰਧਤ ਸਬ-ਡਵੀਜ਼ਨਲ ਪੁਲਿਸ ਅਫ਼ਸਰਾਂ ਅਤੇ ਥਾਣਾ ਮੁਖੀਆਂ ਦੀ ਅਗਵਾਈ ਹੇਠ ਟੀਮਾਂ ਨੇ ਅਪਰਾਧਿਕ ਗਤੀਵਿਧੀਆਂ ਦੇ ਸੰਭਾਵਿਤ ਕੇਂਦਰਾਂ, ਸ਼ੱਕੀ ਥਾਵਾਂ ਅਤੇ ਸ਼ੱਕੀ ਵਿਅਕਤੀਆਂ ਨਾਲ ਸਬੰਧਤ ਟਿਕਾਣਿਆਂ ’ਤੇ ਛਾਪੇਮਾਰੀ ਅਤੇ ਜਾਂਚ ਮੁਹਿੰਮ ਚਲਾਈ। ਪੁਲਿਸ ਵਲੋਂ ਕਿਹਾ ਗਿਆ ਕਿ ਜ਼ਿਲ੍ਹੇ ਵਿਚ ਅਪਰਾਧਿਕ ਤੱਤਾਂ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਅਜਿਹੇ ਅਨਸਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ। ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਾ ਤਸਕਰੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਸਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ।‘ਆਪ੍ਰੇਸ਼ਨ ਪ੍ਰਹਾਰ 4.0’ ਦੌਰਾਨ ਮੀਡੀਆ ਕਵਰੇਜ ਨੂੰ ਲੈ ਕੇ ਪੁਲਿਸ ਦੀ ਕਾਰਜਸ਼ੈਲੀ ’ਤੇ ਪੱਤਰਕਾਰ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਪੱਤਰਕਾਰਾਂ ਦਾ ਰੋਸ ਹੈ ਕਿ ਪੁਲਿਸ ਦੀਆਂ ਕਾਰਵਾਈਆਂ ਦੌਰਾਨ ਪ੍ਰਿੰਟ ਮੀਡੀਆ ਨੂੰ ਮੌਕੇ ’ਤੇ ਕਵਰੇਜ ਤੋਂ ਦੂਰ ਰੱਖਿਆ ਜਾਂਦਾ ਹੈ। ਜਦਕਿ ਕੁਝ ਚਹੇਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਯੂ-ਟਿਊਬਰਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਹੈ। ਪੱਤਰਕਾਰਾਂ ਅਨੁਸਾਰ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਅਤੇ ਪਿਛਲੇ ਸਮੇਂ ਤੋਂ ਵੀ ਅਜਿਹੀ ਕਾਰਜਸ਼ੈਲੀ ਦੇਖਣ ਨੂੰ ਮਿਲਦੀ ਰਹੀ ਹੈ। ਪੱਤਰਕਾਰਾਂ ਨੇ ਕਿਹਾ ਕਿ ਪੁਲਿਸ ਦੀਆਂ ਅਹਿਮ ਕਾਰਵਾਈਆਂ ਦੀ ਕਵਰੇਜ ਲਈ ਸਾਰੇ ਮੀਡੀਆ ਅਦਾਰਿਆਂ ਨਾਲ ਬਰਾਬਰ ਅਤੇ ਪਾਰਦਰਸ਼ੀ ਵਿਵਹਾਰ ਹੋਣਾ ਚਾਹੀਦਾ ਹੈ। ਇਸ ਸੰਬੰਧੀ ਡੀ.ਆਈ.ਜੀ ਸਨੇਹਦੀਪ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਐੱਸ.ਐੱਸ.ਪੀ ਫਿਰੋਜ਼ਪੁਰ ਨਾਲ ਗੱਲ ਕਰਨਗੇ ਕਿ ਅਜਿਹਾ ਕਿਉਂ ਹੋ ਰਿਹਾ ਹੈ। ਪੱਤਰਕਾਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਰਵੱਈਆ ਜਾਰੀ ਰਿਹਾ ਤਾਂ ਮੀਡੀਆ ਭਾਈਚਾਰੇ ਵਲੋਂ ਸਾਂਝੇ ਤੌਰ ’ਤੇ ਰੋਸ ਦਰਜ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।