ਸਿੱਖਿਆ ਵਿਭਾਗ ਵਲੋਂ ਸਕੂਲੀ ਬੱਚਿਆਂ ਲਈ ਗੁਣਵੱਤਾ ਭਰਪੂਰ ਭੋਜਨ ਯਕੀਨੀ ਬਣਾਉਣ ਵੱਲ ਨਿਵੇਕਲੀ ਪਹਿਲ
ਕੁਕਿੰਗ ਪ੍ਰਤੀਯੋਗਤਾ ’ਚ ਸ਼ਹਿਜ਼ਾਦੀ ਸੈਂਟਰ ਮਿਸ਼ਰੀ ਵਾਲਾ ਨੇ ਮਾਰੀ ਬਾਜ਼ੀ
ਫ਼ਿਰੋਜ਼ਪੁਰ, 13 ਅਗਸਤ (ਗੁਰਿੰਦਰ ਸਿੰਘ)-ਸਕੂਲ ਸਿੱਖਿਆ ਵਿਭਾਗ ਪੰਜਾਬ, ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.)
ਕ
ਕੁਕਿੰਗ ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਪ੍ਰਤੀਯੋਗੀ ਨੂੰ ਸਨਮਾਨਿਤ ਕਰਦੇ ਬੀ.ਪੀ.ਈ.ਓ ਦਲਜੀਤ ਕੌਰ ਨਾਲ ਸੀ.ਐੱਚ.ਟੀ.ਜ਼ ਅਤੇ ਅਧਿਆਪਕ। ਤਸਵੀਰ-ਗੁਰਿੰਦਰ ਸਿੰਘ
14-08-2026
ਫ਼ਿਰੋਜ਼ਪੁਰ, 13 ਅਗਸਤ (ਗੁਰਿੰਦਰ ਸਿੰਘ)-ਸਕੂਲ ਸਿੱਖਿਆ ਵਿਭਾਗ ਪੰਜਾਬ, ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਸੁਨੀਤਾ ਰਾਣੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਕੋਮਲ ਅਰੋੜਾ ਦੀ ਰਹਿਨੁਮਾਈ ਹੇਠ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਤੀਏਵਾਲਾ ਦਲਜੀਤ ਕੌਰ ਦੀ ਅਗਵਾਈ ਵਿਚ ਕੁੱਕ ਕਮ ਹੈਲਪਰਾਂ ਦੀ ਬਲਾਕ ਪੱਧਰੀ ਕੁਕਿੰਗ ਪ੍ਰਤੀਯੋਗਤਾ ਕਰਵਾਈ ਗਈ। ਪ੍ਰਤੀਯੋਗਤਾ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਪਰੋਸੇ ਜਾਂਦੇ ਮਿਡ-ਡੇ-ਮੀਲ ਦੀ ਗੁਣਵੱਤਾ, ਸਫ਼ਾਈ ਅਤੇ ਪੌਸ਼ਟਿਕਤਾ ਨੂੰ ਹੋਰ ਬਿਹਤਰ ਬਣਾਉਣ ਦੇ ਨਾਲ-ਨਾਲ ਕੁੱਕ ਕਮ ਹੈਲਪਰਾਂ ਦੀ ਰਸੋਈ ਕਲਾ ਅਤੇ ਕਾਰਜਕੁਸ਼ਲਤਾ ਨੂੰ ਉਤਸ਼ਾਹਿਤ ਕਰਨਾ ਸੀ। ਇਸ ਦੌਰਾਨ ਵੱਖ-ਵੱਖ ਸਕੂਲਾਂ ਤੋਂ ਪੁੱਜੇ ਕੁੱਕ ਕਮ ਹੈਲਪਰਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੇ ਖਾਣਾ ਪਕਾਉਣ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਜ਼ਾਦੀ ਸੈਂਟਰ ਮਿਸ਼ਰੀ ਵਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪਿਆਰੇਆਣਾ ਸੈਂਟਰ ਮਾਨਾ ਸਿੰਘ ਵਾਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬੱਗੇ ਕੇ ਪਿੱਪਲ ਸੈਂਟਰ ਨੱਥੂ ਵਾਲਾ ਹਸਤੇ ਕੇ ਨੇ ਸਾਂਝੇ ਤੌਰ ’ਤੇ ਦੂਜਾ ਸਥਾਨ, ਜਦਕਿ ਯਾਰੇਸ਼ਾਹ ਵਾਲਾ ਸੈਂਟਰ ਸ਼ੇਰ ਖਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੀ.ਪੀ.ਈ.ਓ ਦਲਜੀਤ ਕੌਰ ਅਤੇ ਸਮੂਹ ਸੀ.ਐੱਚ.ਟੀ ਸਾਹਿਬਾਨ ਵਲੋਂ ਜੇਤੂ ਕੁੱਕ ਕਮ ਹੈਲਪਰਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਵੀ ਉਨ੍ਹਾਂ ਦੀ ਭਾਗੀਦਾਰੀ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਬੀਪੀਈਓ ਦਲਜੀਤ ਕੌਰ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਕੁੱਕ ਕਮ ਹੈਲਪਰਾਂ ਦੇ ਹੁਨਰ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਵਿਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਮਹੱਤਵਪੂਰਨ ਹਨ। ਉਨ੍ਹਾਂ ਜੇਤੂਆਂ ਅਤੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਜੱਜਮੈਂਟ ਕਮੇਟੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਸ ਵਲੋਂ ਨਿਰਧਾਰਿਤ ਮਾਪਦੰਡਾਂ ਨੂੰ ਧਿਆਨ ਵਿਚ ਰੱਖਦਿਆਂ ਨਿਰਪੱਖ ਢੰਗ ਨਾਲ ਮੁਲਾਂਕਣ ਕੀਤਾ ਗਿਆ। ਪ੍ਰਤੀਯੋਗਤਾ ਦੇ ਸਮੁੱਚੇ ਪ੍ਰਬੰਧ ਸੈਂਟਰ ਹੈੱਡ ਟੀਚਰ ਬਜੀਦਪੁਰ ਨਵਦੀਪ ਕੁਮਾਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸਤੀਏਵਾਲਾ ਦੇ ਸਕੂਲ ਮੁਖੀ ਸੰਦੀਪ ਕੁਮਾਰ ਵਲੋਂ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹੇ ਗਏ। ਇਸ ਮੌਕੇ ਸੀ.ਐੱਚ.ਟੀ ਕੁਲਵੰਤ ਸਿੰਘ, ਸੀ.ਐੱਚ . ਟੀ ਸਵਰਣ ਸਿੰਘ, ਸੀ.ਐੱਚ.ਟੀ ਰੀਤੂ ਬਾਲਾ, ਸੀ.ਐੱਚ.ਟੀ ਜੀਵਨ ਕੁਮਾਰ, ਸੀ.ਐੱਚ.ਟੀ ਗੁਣਵੰਤ ਕੌਰ ਤੋਂ ਇਲਾਵਾ ਜਸਵਿੰਦਰ ਸਿੰਘ, ਅਮਨਦੀਪ ਕੌਰ, ਗੁਰਬਚਨ ਲਾਲ, ਗਗਨਦੀਪ ਕੌਰ, ਹਰਭਜਨ ਕੌਰ, ਜਸਵਿੰਦਰ ਕੌਰ, ਮੋਨਿਕਾ, ਹਰਪ੍ਰੀਤ ਕੌਰ, ਪੂਜਾ ਰਾਣੀ ਅਤੇ ਲਖਮੀਰ ਸਿੰਘ ਸਮੇਤ ਹੋਰ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ।