ਮਠਿਆਈਆਂ ਦੇ ਸੈਂਪਲਾਂ ਦੀਆਂ ਰਿਪੋਰਟਾਂ ਬਾਰੇ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ-ਬਾਜ਼ਾਰਾਂ ’ਚ ਨਾਜਾਇਜ਼ ਪਾਰਕਿੰਗ ਦੀ ਸਮੱਸਿਆ ਬਰਕਰਾਰ
ਮੱਖੂ, 16 ਨਵੰਬਰ (ਵਰਿੰਦਰ ਮਨਚੰਦਾ)-ਤਿਉਹਾਰਾਂ ਦਾ ਸੀਜ਼ਨ ਖ਼ਤਮ ਹੁੰਦਿਆਂ ਹੀ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਦੀ ਸਰਗਰਮੀ ਵੀ ਮੱਠੀ ਪੈਂਦੀ ਦਿਖਾਈ ਦੇ ਰਹੀ ਹੈ। ਦੀਵਾਲੀ ਤੋਂ ਪਹਿਲਾਂ ਜਿੱਥੇ ਸਿਹਤ ਵਿਭਾਗ ਵਲੋਂ ਮਠਿਆਈਆਂ ਦੀਆਂ ਦੁਕਾਨਾਂ ’ਤੇ ਸੈਂਪਲ ਭਰਨ ਦੀ ਕਾਰਵਾਈ ਕੀਤੀ ਜਾ ਰਹੀ ਸੀ, ਉੱਥੇ ਹੀ ਵਾਤਾਵਰਨ ਸਬੰਧੀ ਜਾਗਰੂਕਤਾ ਮੁਹਿੰਮਾਂ ਵੀ ਸਰਗਰਮ ਸਨ ਪਰ ਤਿਉਹਾਰ ਲੰਘਣ ਤੋਂ ਬਾਅਦ ਇਨ੍ਹਾਂ ਕਾਰਵਾਈਆਂ ਦੀ ਰਫ਼ਤਾਰ ਘਟਣ ਕਾਰਨ ਆਮ ਲੋਕਾਂ ਵਲੋਂ ਵਿਭਾਗਾਂ ਦੀ ਕਾਰਗੁਜ਼ਾਰੀ ਸਬੰਧੀ ਸਵਾਲ ਉਠਾਏ ਜਾ ਰਹੇ ਹਨ।
ਮੱਖੂ, 16 ਨਵੰਬਰ (ਵਰਿੰਦਰ ਮਨਚੰਦਾ)-ਤਿਉਹਾਰਾਂ ਦਾ ਸੀਜ਼ਨ ਖ਼ਤਮ ਹੁੰਦਿਆਂ ਹੀ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਦੀ ਸਰਗਰਮੀ ਵੀ ਮੱਠੀ ਪੈਂਦੀ ਦਿਖਾਈ ਦੇ ਰਹੀ ਹੈ। ਦੀਵਾਲੀ ਤੋਂ ਪਹਿਲਾਂ ਜਿੱਥੇ ਸਿਹਤ ਵਿਭਾਗ ਵਲੋਂ ਮਠਿਆਈਆਂ ਦੀਆਂ ਦੁਕਾਨਾਂ ’ਤੇ ਸੈਂਪਲ ਭਰਨ ਦੀ ਕਾਰਵਾਈ ਕੀਤੀ ਜਾ ਰਹੀ ਸੀ, ਉੱਥੇ ਹੀ ਵਾਤਾਵਰਨ ਸਬੰਧੀ ਜਾਗਰੂਕਤਾ ਮੁਹਿੰਮਾਂ ਵੀ ਸਰਗਰਮ ਸਨ ਪਰ ਤਿਉਹਾਰ ਲੰਘਣ ਤੋਂ ਬਾਅਦ ਇਨ੍ਹਾਂ ਕਾਰਵਾਈਆਂ ਦੀ ਰਫ਼ਤਾਰ ਘਟਣ ਕਾਰਨ ਆਮ ਲੋਕਾਂ ਵਲੋਂ ਵਿਭਾਗਾਂ ਦੀ ਕਾਰਗੁਜ਼ਾਰੀ ਸਬੰਧੀ ਸਵਾਲ ਉਠਾਏ ਜਾ ਰਹੇ ਹਨ। ਤਿਉਹਾਰਾਂ ਤੋਂ ਪਹਿਲਾਂ ਸਿਹਤ ਵਿਭਾਗ ਵਲੋਂ ਹਲਵਾਈਆਂ ਦੀਆਂ ਦੁਕਾਨਾਂ ਤੋਂ ਮਠਿਆਈਆਂ ਦੇ ਸੈਂਪਲ ਲਏ ਗਏ ਅਤੇ ਇਸ ਸਬੰਧੀ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ। ਪਰ ਹੁਣ ਤੱਕ ਇਨ੍ਹਾਂ ਸੈਂਪਲਾਂ ਦੀਆਂ ਜਾਂਚ ਰਿਪੋਰਟਾਂ ਬਾਰੇ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਾ ਆਉਣ ਕਾਰਨ ਲੋਕਾਂ ਵਿਚ ਚਰਚਾ ਹੈ। ਇਸ ਦੇ ਨਾਲ ਹੀ ਕਰਿਆਨੇ ਦੀਆਂ ਦੁਕਾਨਾਂ ’ਤੇ ਵਿਕਣ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਦੀ ਜਾਂਚ ਕਰਨਾ ਵੀ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੈ। ਲੋਕਾਂ ਦਾ ਸਵਾਲ ਹੈ ਕਿ ਕੀ ਮਿਲਾਵਟਖੋਰੀ ਸਿਰਫ਼ ਤਿਉਹਾਰਾਂ ਦੇ ਮੌਕੇ ਹੀ ਹੁੰਦੀ ਹੈ ਜਾਂ ਆਮ ਦਿਨਾਂ ਵਿਚ ਵੀ ਖਾਣ-ਪੀਣ ਦੀਆਂ ਵਸਤਾਂ ਦੀ ਨਿਯਮਤ ਜਾਂਚ ਹੋਣੀ ਚਾਹੀਦੀ ਹੈ? ਵਿਭਾਗ ਨੂੰ ਸੈਂਪਲਾਂ ਦੀਆਂ ਰਿਪੋਰਟਾਂ ਜਨਤਕ ਕਰਨ ਦੇ ਨਾਲ-ਨਾਲ ਨਿਯਮਤ ਜਾਂਚ ਮੁਹਿੰਮ ਜਾਰੀ ਰੱਖਣੀ ਚਾਹੀਦੀ ਹੈ। ਦੂਜੇ ਪਾਸੇ ਟਰੈਫ਼ਿਕ ਵਿਵਸਥਾ ਦੀ ਗੱਲ ਕਰੀਏ ਤਾਂ ਤਿਉਹਾਰਾਂ ਦੌਰਾਨ ਬਾਜ਼ਾਰਾਂ ਵਿਚ ਗਲਤ ਪਾਰਕਿੰਗ ਕਰਨ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਸੀ, ਪਰ ਹੁਣ ਇਹ ਕਾਰਵਾਈਆਂ ਕਿਤੇ ਨਜ਼ਰ ਨਹੀਂ ਆ ਰਹੀਆਂ। ਬਾਜ਼ਾਰਾਂ ਦੀਆਂ ਸੜਕਾਂ ’ਤੇ ਨਾਜਾਇਜ਼ ਪਾਰਕਿੰਗ ਅਤੇ ਆਵਾਜਾਈ ਵਿਚ ਵਿਘਨ ਦੀ ਸਮੱਸਿਆ ਅਜੇ ਵੀ ਬਰਕਰਾਰ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ ਚਲਾਨ ਕੱਟ ਕੇ ਜ਼ਿੰਮੇਵਾਰੀ ਪੂਰੀ ਨਹੀਂ ਹੁੰਦੀ, ਸਗੋਂ ਬਾਜ਼ਾਰਾਂ ਵਿਚ ਪਾਰਕਿੰਗ ਲਈ ਢੁਕਵੀਂ ਥਾਂ ਮੁਹੱਈਆ ਕਰਵਾਉਣਾ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਇਸੇ ਤਰ੍ਹਾਂ ਵਾਤਾਵਰਨ ਦੀ ਸੰਭਾਲ ਲਈ ਦੀਵਾਲੀ ਤੋਂ ਪਹਿਲਾਂ ਪਟਾਕੇ ਨਾ ਚਲਾਉਣ ਅਤੇ ਪ੍ਰਦੂਸ਼ਣ ਰਹਿਤ ਤਿਉਹਾਰ ਮਨਾਉਣ ਸਬੰਧੀ ਜਾਗਰੂਕਤਾ ਬੈਨਰ ਲਗਾਏ ਗਏ ਸਨ। ਪਰ ਤਿਉਹਾਰ ਖ਼ਤਮ ਹੁੰਦਿਆਂ ਹੀ ਇਹ ਮੁਹਿੰਮਾਂ ਵੀ ਠੰਢੀਆਂ ਪੈ ਗਈਆਂ ਹਨ। ਜਦਕਿ ਪਰਾਲੀ ਸਾੜਨ, ਕੂੜੇ ਨੂੰ ਅੱਗ ਲਗਾਉਣ ਅਤੇ ਧੂੜ-ਮਿੱਟੀ ਕਾਰਨ ਪੈਦਾ ਹੋਣ ਵਾਲਾ ਪ੍ਰਦੂਸ਼ਣ ਸਾਲ ਭਰ ਲੋਕਾਂ ਦੀ ਸਿਹਤ ਲਈ ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇਸ ਲਈ ਵਾਤਾਵਰਨ ਦੀ ਸੰਭਾਲ ਸਬੰਧੀ ਜਾਗਰੂਕਤਾ ਅਤੇ ਕਾਰਵਾਈ ਸਿਰਫ਼ ਤਿਉਹਾਰਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਲੋਕਾਂ ਵਲੋਂ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਮਠਿਆਈਆਂ ਦੇ ਸੈਂਪਲਾਂ ਦੀਆਂ ਰਿਪੋਰਟਾਂ ਜਾਰੀ ਕੀਤੀਆਂ ਜਾਣ, ਖਾਣ-ਪੀਣ ਵਾਲੀਆਂ ਵਸਤਾਂ ਦੀ ਨਿਯਮਤ ਜਾਂਚ ਹੋਵੇ, ਬਾਜ਼ਾਰਾਂ ਵਿਚ ਟਰੈਫ਼ਿਕ ਵਿਵਸਥਾ ਸੁਚਾਰੂ ਬਣਾਈ ਜਾਵੇ ਅਤੇ ਪ੍ਰਦੂਸ਼ਣ ਵਿਰੁੱਧ ਜਾਗਰੂਕਤਾ ਮੁਹਿੰਮਾਂ ਲਗਾਤਾਰ ਚਲਾਈਆਂ ਜਾਣ। ਲੋਕਾਂ ਦਾ ਕਹਿਣਾ ਹੈ ਕਿ ਸਿਹਤ, ਆਵਾਜਾਈ ਅਤੇ ਵਾਤਾਵਰਨ ਨਾਲ ਜੁੜੇ ਮਸਲੇ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹਨ, ਇਸ ਲਈ ਇਨ੍ਹਾਂ ਪ੍ਰਤੀ ਵਿਭਾਗਾਂ ਦੀ ਜਵਾਬਦੇਹੀ ਵੀ ਸਾਲ ਦੇ 365 ਦਿਨ ਬਣੀ ਰਹਿਣੀ ਚਾਹੀਦੀ ਹੈ।