ਮੌੜ ਮੰਡੀ, 15 ਫਰਵਰੀ (ਗੁਰਜੀਤ ਸਿੰਘ ਕਮਾਲੂ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਸੈਂਕੜੇ ਪਿੰਡਾਂ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਕਿਸਾਨ ਬੀਬੀਆਂ ਬਜ਼ੁਰਗਾਂ ਬੱਚਿਆਂ ਨੇ ਇਕੱਠੇ ਹੋ ਕੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੀਆਂ ਕਾਪੀਆਂ ਸਾੜ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ | ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਆਗੂਆਂ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਇਸ ਸਮਝੌਤੇ ਤਹਿਤ ਜਿੱਥੇ ਵੱਖ-ਵੱਖ ਫ਼ਸਲਾਂ 0 ਫ਼ੀਸਦੀ ਟੈਕਸ 'ਤੇ ਲਿਆ ਕੇ ਭਾਰਤੀ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ | ਭਾਵੇਂ ਕਿ ਕੇਂਦਰ ਸਰਕਾਰ ਤੇ ਭਾਜਪਾ ਆਗੂ ਇਹ ਕਹਿ ਰਹੇ ਹਨ, ਕਿ ਭਾਰਤੀ ਕਿਸਾਨਾਂ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਪਰ ਜਦ ਅਮਰੀਕੀ ਸਸਤੀਆਂ ਫ਼ਸਲਾਂ ਬਾਜ਼ਾਰ ਵਿਚ ਆਉਣਗੀਆਂ ਤਾਂ ਮਹਿੰਗੀਆਂ ਭਾਰਤੀ ਫ਼ਸਲਾਂ ਨੂੰ ਕੌਣ ਖ਼ਰੀਦੇਗਾ ਕਿਉਂਕਿ ਜਿੱਥੇ ਅਮਰੀਕਾ ਆਪਣੇ ਕਿਸਾਨਾਂ ਨੂੰ ਵੱਡੀ ਪੱਧਰ 'ਤੇ ਸਬਸਿਡੀ (ਮਦਦ) ਦਿੰਦਾ ਹੈ | ਜਦ ਕਿ ਭਾਰਤ ਦੇ ਕਿਸਾਨਾਂ ਨੂੰ ਉਸ ਦੇ ਮੁਕਾਬਲੇ ਸਿਰਫ਼ 1 ਜਾਂ 2 ਪ੍ਰਤੀਸ਼ਤ ਹੀ ਮਦਦ ਮਿਲਦੀ ਹੈ | ਅੱਜ ਭਾਰਤ ਦੀ ਸਰਕਾਰ ਨੂੰ ਭਾਰਤੀ ਕਿਸਾਨਾਂ ਨਾਲ ਖੜ ਕੇ ਇਹਨਾਂ ਸਮਝੌਤਿਆਂ ਤੇ ਦਸਤਖ਼ਤ ਨਹੀਂ ਕਰਨੇ ਚਾਹੀਦੇ ਸੀ, ਪਰ ਅੱਜ ਦੀ ਭਾਰਤ ਸਰਕਾਰ ਅਮਰੀਕੀ ਸਰਕਾਰ ਦਾ ਰੋਲ ਨਿਭਾ ਰਹੀ ਹੈ ਅਤੇ ਭਾਰਤੀ ਅਰਥਚਾਰੇ, ਭਾਰਤੀ ਕਿਸਾਨੀ, ਭਾਰਤੀ ਵਪਾਰੀ ਵਰਗ ਅਤੇ ਛੋਟੇ ਦੁਕਾਨਦਾਰਾਂ ਦੇ ਹਿੱਤ ਅਮਰੀਕਾ ਅੱਗੇ ਗਹਿਣੇ ਰੱਖ ਰਹੀ ਹੈ | ਆਗੂਆਂ ਨੇ ਦੱਸਿਆ ਕਿ ਭਾਰਤ ਅਤੇ ਕੇਂਦਰ ਸਰਕਾਰ ਦਾ ਇਹ ਭੁਲੇਖਾ ਕਿ ਇੱਥੇ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਦੇ ਹਾਰ ਬਣਾ ਕੇ ਉਨ੍ਹਾਂ ਰਾਹੀਂ ਖੇਤੀ ਕਰਵਾਈ ਜਾਵੇਗੀ | ਭਾਰਤ ਦੇ ਕਿਸਾਨ ਇਹ ਕਦੇ ਵੀ ਨਹੀਂ ਹੋਣ ਦੇਣਗੇ ਅਤੇ ਇਹ ਨੀਤੀ ਭਾਰਤ ਦੇ ਵਿੱਚ ਕਤਈ ਸਫਲ ਨਹੀਂ ਹੋਵੇਗੀ, ਜਿਸ ਦਾ ਅਸੀਂ ਡੱਟ ਕੇ ਵਿਰੋਧ ਕਰਦੇ ਆ ਤੇ ਕਰਦੇ ਰਹੇ | ਇਸ ਦੇ ਵਿਰੋਧ ਵਜੋਂ ਭਾਰਤ ਮਰਾ ਅਮਰੀਕਾ ਸਮਝੌਤੇ ਦੀਆਂ ਬਲਾਕ ਮੌੜ ਦੇ ਪਿੰਡਾਂ ਜੋਧਪੁਰ ਪਾਖਰ, ਯਾਤਰੀ, ਰਾਜਗੜ੍ਹ ਕੁੱਬੇ, ਕਮਾਲੂ, ਸੰਦੋਹਾ, ਮੌੜ ਕਲਾਂ ਆਦਿ ਤੋਂ ਇਲਾਵਾ ਦਰਜਨਾਂ ਪਿੰਡਾਂ ਵਿਚ ਇਨ੍ਹਾਂ ਸਮਝੌਤਾ ਦੀਆਂ ਕਾਪੀਆਂ ਸਾੜ ਕੇ ਵਿਰੋਧ ਕਰਦਿਆਂ ਕਿਹਾ ਕਿ ਇਸ ਸਮਝੌਤੇ ਨੂੰ ਭਾਰਤ ਦੇ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ | ਇਸ ਮੌਕੇ ਬਲਵਿੰਦਰ ਸਿੰਘ ਜੋਧਪੁਰ, ਬਾਦਲ ਸਿੰਘ ਕੋਟਲੀ ਖ਼ੁਰਦ, ਅੰਗਰੇਜ਼ ਸਿੰਘ ਸੰਦੋਹਾ, ਗੁਰਾਂਦਿੱਤਾ ਸਿੰਘ ਮਾਈਸਰਖਾਨਾ, ਗੁਰਦੀਪ ਸਿੰਘ, ਅੰਗਰੇਜ਼ ਸਿੰਘ ਸੰਦੋਹਾ, ਬਲਕਰਨ ਸਿੰਘ ਸੰਦੋਹਾ, ਬਲਜੀਤ ਸਿੰਘ, ਨਾਜ਼ਰ ਸਿੰਘ, ਜਗਸੀਰ ਸਿੰਘ ਆਦਿ ਤੋਂ ਇਲਾਵਾ ਹਰ ਇਕ ਪਿੰਡ ਇਕਾਈ ਦੇ ਆਗੂ ਵੀ ਹਾਜ਼ਰ ਸਨ |
ਕਿਸਾਨ ਯੂਨੀਅਨ ਵਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀਆਂ ਕਾਪੀਆਂ ਸਾੜ ਕੇ ਵਿਰੋਧ
ਅਜੀਤ ਡੈਸਕ
16-02-2026