23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਸੰਗਤ ਮੰਡੀ ਇਲਾਕੇ ਦੇ 56 ਪਿੰਡਾਂ 'ਚ ਰਸੋਈ ਗੈਸ ਦੀ ਭਾਰੀ ਕਿੱਲਤ

ਅਜੀਤ ਡੈਸਕ 16-02-2026

ਸੰਗਤ ਮੰਡੀ, 15 ਫਰਵਰੀ (ਅੰਮਿ੍ਤਪਾਲ ਸ਼ਰਮਾ)- ਸੰਗਤ ਮੰਡੀ ਇਲਾਕੇ ਦੇ 56 ਪਿੰਡਾਂ 'ਚ ਅਚਾਨਕ ਰਸੋਈ ਗੈਸ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ ਅਤੇ ਸਥਾਨਕ ਇਕਲੌਤੀ ਗੈਸ ਏਜੰਸੀ ਮੂਹਰੇ ਲੰਬੇ ਸਮੇਂ ਬਾਅਦ ਲੋਕਾਂ ਦੀ ਭਾਰੀ ਭੀੜ ਦਿਖਾਈ ਦੇਣ ਲੱਗੀ ਹੈ | ਰਸੋਈ ਗੈਸ ਦੀ ਕਾਲਾਬਾਜ਼ਾਰੀ ਤੋਂ ਪ੍ਰੇਸ਼ਾਨ ਲੋਕਾਂ ਵਲੋਂ ਇਕਲੌਤੀ ਗੈਸ ਏਜੰਸੀ ਦੀਆਂ ਮਨਮਾਨੀਆਂ ਤੋਂ ਨਿਜਾਤ ਦਿਵਾਉਣ ਲਈ ਹੋਰਨਾਂ ਕੰਪਨੀਆਂ ਦੀਆਂ ਗੈਸ ਏਜੰਸੀਆਂ ਖੋਲ੍ਹਣ ਦੀ ਮੰਗ ਵੀ ਕੀਤੀ | ਗੈਸ ਦੇ ਸਿਲੰਡਰ ਲੈਣ ਆਏ ਪਿੰਡ ਜੱਸੀ ਬਾਗ਼ਵਾਲੀ ਦੇ ਗੁਰਪਿਆਰ ਸਿੰਘ, ਹਰਦੇਵ ਸਿੰਘ ਘੁੱਦਾ, ਗੁਰਪ੍ਰੀਤ ਸਿੰਘ, ਸਰੋਜ ਰਾਣੀ, ਨਿਰਮਲਾ ਦੇਵੀ ਅਤੇ ਗੁਰਦੀਪ ਸਿੰਘ ਵਾਸੀ ਸੰਗਤ ਮੰਡੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਤੱਕ ਸਥਾਨਕ ਗੈਸ ਏਜੰਸੀ ਦੀਆਂ ਗੱਡੀਆਂ 'ਤੇ ਸਪੀਕਰ ਲਗਾ ਗੈਸ ਸਿਲੰਡਰ ਭਰਾਉਣ ਦੇ ਹੋਕੇ ਪਿੰਡਾਂ 'ਚ ਸਬਜ਼ੀ ਵੇਚਣ ਵਾਲਿਆਂ ਵਾਂਗ ਲਗਾਏ ਜਾਂਦੇ ਸਨ ਅਤੇ ਲੋਕਾਂ ਨੂੰ 900 ਰੁਪਏ ਪ੍ਰਤੀ ਸਿਲੰਡਰ ਦੇ ਹਿਸਾਬ ਨਾਲ ਸਿਲੰਡਰ ਮਿਲ ਰਹੇ ਸਨ ਪ੍ਰੰਤੂ ਕੁਝ ਸਮੇਂ ਤੋਂ ਅਚਾਨਕ ਗੈਸ ਦੀ ਕਿੱਲਤ ਪੈਦਾ ਹੋ ਗਈ, ਜਿਸ ਕਾਰਨ ਲੋਕਾਂ ਨੂੰ ਗੈਸ ਏਜੰਸੀ ਦੇ ਗੇੜੇ ਕੱਢਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸੰਗਤ ਇੰਡੇਨ ਗੈਸ ਏਜੰਸੀ ਪਟਿਆਲਾ ਦੇ ਕਿਸੇ 'ਚੌਧਰੀ' ਵੱਲੋਂ ਕਰੀਬ ਸਾਢੇ ਚਾਰ ਕਰੋੜ ਰੁਪਏ ਦੀ ਮੁੱਲ ਖ਼ਰੀਦ ਲਈ ਗਈ ਹੈ, ਜੋ ਇੰਡੇਨ ਗੈਸ ਕੰਪਨੀ ਦੇ ਰਿਟਾਇਰਡ ਅਧਿਕਾਰੀ ਦੱਸੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕੰਪਨੀ ਦੇ ਸਾਰੇ ਦਾਅ-ਪੇਚ ਜਾਣਦੇ ਹੋਣ ਕਾਰਨ ਉਕਤ ਚੌਧਰੀ ਵੱਲੋਂ ਜਾਣਬੁੱਝ ਕੇ ਗੈਸ ਦੀ ਕਿੱਲਤ ਪੈਦਾ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਮਨਮਾਨੇ ਢੰਗ ਤਰੀਕਿਆਂ ਨਾਲ ਗੈਸ ਦੀ ਕਾਲਾਬਾਜ਼ਾਰੀ ਕੀਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਕਾਲਾਬਾਜ਼ਾਰੀ ਤਹਿਤ 1200 ਰੁਪਏ ਪ੍ਰਤੀ ਸਿਲੰਡਰ ਸ਼ਰੇਆਮ ਵਿਕ ਰਹੇ ਹਨ ਪ੍ਰੰਤੂ ਆਨ ਲਾਈਨ ਬੁੱਕ ਕਰਵਾ ਕੇ ਵੀ ਇਕ ਹਫ਼ਤੇ ਤੋਂ ਵੱਧ ਸਮਾਂ ਸਿਲੰਡਰ ਨਹੀਂ ਦਿੱਤੇ ਜਾ ਰਹੇ, ਸਗੋਂ ਏਜੰਸੀ 'ਚ ਆ ਕੇ ਬੁਕਿੰਗ ਨੰਬਰ ਦੱਸਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਏਜੰਸੀ ਦੇ ਦਫ਼ਤਰ ਜਾਂ ਗੋਦਾਮ ਤੋਂ 900 ਰੁਪਏ ਪ੍ਰਤੀ ਸਿਲੰਡਰ ਵਸੂਲੇ ਜਾ ਰਹੇ ਹਨ ਜਦੋਂ ਕਿ ਉਥੋਂ ਖਪਤਕਾਰ ਤੋਂ ਸਿਰਫ਼ 857 ਰੁਪਏ ਵਸੂਲੇ ਜਾਣ ਦੀਆਂ ਹਦਾਇਤਾਂ ਕੰਪਨੀ ਵੱਲੋਂ ਜਾਰੀ ਹਨ | ਖਪਤਕਾਰ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਆਨ ਲਾਈਨ ਬੁਕਿੰਗ ਵੀ ਉਕਤ ਏਜੰਸੀ ਵਲੋਂ 10 ਦਿਨਾਂ ਬਾਅਦ ਮਨਮਰਜ਼ੀ ਨਾਲ ਰੱਦ ਕਰ ਦਿੱਤੀ ਗਈ ਅਤੇ ਉਨ੍ਹਾਂ ਨੂੰ ਗੈਸ ਸਿਲੰਡਰ ਨਹੀਂ ਦਿੱਤਾ ਗਿਆ | ਹਫ਼ਤੇ ਤੋਂ ਵਧ ਸਮਾਂ ਪਹਿਲਾਂ ਬੁੱਕ ਕੀਤੇ ਸਿਲੰਡਰਾਂ ਦੀ ਸਪਲਾਈ ਅਜੇ ਤੱਕ ਨਾ ਮਿਲਣ ਦੀ ਗੱਲ ਉਥੇ ਮੌਜੂਦ ਕਈ ਲੋਕਾਂ ਨੇ ਕੀਤੀ | ਇਸ ਬਾਰੇ ਏਜੰਸੀ ਦੇ ਮਾਲਕ ਹਰਸਵਰੂਪ ਚੌਧਰੀ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਚੌਧਰੀ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਹੀ ਉਨ੍ਹਾਂ ਏਜੰਸੀ ਖਰੀਦੀ ਹੈ ਅਤੇ ਪਹਿਲਾਂ ਏਜੰਸੀ ਵਲੋਂ ਕੇਵਾਈਸੀ ਬਗੈਰ ਹੀ ਸਿਲੰਡਰ ਦਿੱਤੇ ਜਾ ਰਹੇ ਸਨ ਪਰ ਹੁਣ ਨਵੀਂ ਪਾਲਿਸੀ ਤਹਿਤ ਕੇਵਾਈਸੀ ਜ਼ਰੂਰੀ ਕੀਤੀ ਗਈ ਹੈ ਅਤੇ ਕੰਪਨੀ ਦੇ ਓ.ਟੀ.ਪੀ. ਨਾਲ ਹੀ ਸਿਲੰਡਰ ਦਿੱਤੇ ਜਾਣਗੇ, ਜਿਸ ਕਾਰਨ ਕੇ.ਵਾਈ.ਸੀ. ਵਾਲੇ ਲੋਕਾਂ ਦੀ ਭੀੜ ਜਮਾਂ ਹੋ ਰਹੀ ਹੈ | ਉਨ੍ਹਾਂ ਗੈਸ ਦੀ ਕਾਲਾਬਜ਼ਾਰੀ ਦੇ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ |

ਪਿਛਲੀ ਖ਼ਬਰ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਬਠਿੰਡਾ 'ਚ ਪੈਦਲ ਮਾਰਚ ਕੱਲ੍ਹ ਅਗਲੀ ਖ਼ਬਰ ਕਿਸਾਨ ਯੂਨੀਅਨ ਵਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀਆਂ ਕਾਪੀਆਂ ਸਾੜ ਕੇ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।