ਮੌੜ ਮੰਡੀ, 15 ਫਰਵਰੀ (ਗੁਰਜੀਤ ਸਿੰਘ ਕਮਾਲੂ)- ਬੀਤੇ ਦਿਨ ਬੀਬੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਵਲੋਂ ਬੰਬ ਧਮਾਕਿਆਂ ਸਬੰਧੀ ਦਿੱਤੇ ਗਏ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਵਲੋਂ ਇਸ ਨੂੰ ਇਕ ਇੰਟਰਵਿਊ ਦੌਰਾਨ ਮੌੜ ਬੰਬ ਧਮਾਕਿਆਂ ਨਾਲ ਜੋੜੇ ਜਾਣ ਉਪਰੰਤ 2017 'ਚ ਬੰਬ ਧਮਾਕਿਆਂ ਦਾ ਸੰਤਾਪ ਭੋਗ ਚੁੱਕੇ ਹਲਕਾ ਮੌੜ ਅੰਦਰ ਇਸ ਮਾਮਲੇ ਤੇ ਸਿਆਸਤ ਸਰਗਰਮ ਹੋ ਚੁੱਕੀ ਹੈ | ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨਿੰਦਰ ਸਿੰਘ ਸੇਖੋਂ ਨੇ ਮੌੜ ਮੰਡੀ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੀ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਇੰਨੇ ਵੱਡੇ ਮੁੱਦੇ ਨੂੰ ਕਦੇ ਗੰਭੀਰਤਾ ਨਾਲ ਨਹੀ ਲਿਆ | ਉਨ੍ਹਾਂ ਕਿਹਾ ਕਿ ਜੇਕਰ ਮੌੜ ਬੰਬ ਧਮਾਕਿਆਂ ਸਬੰਧੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਸਰਕਾਰ ਕੋਲ ਕੋਈ ਸਪੱਸ਼ਟ ਤੱਥ ਹਨ ਤਾਂ ਉਹ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਕੇ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਉਣ ਤਾਂ ਜੋ ਪੀੜਿਤ ਪਰਿਵਾਰਾਂ ਦੇ ਜ਼ਖ਼ਮਾਂ ਤੇ ਮੱਲ੍ਹਮ ਲੱਗ ਸਕੇ | ਜੇਕਰ ਪੰਜਾਬ ਪ੍ਰਧਾਨ ਨੇ ਬਿਨਾਂ ਸੋਚੇ ਸਮਝੇ ਵਿਚਾਰ ਦਿੱਤੇ ਹਨ ਤਾਂ ਉਹ ਇਸ ਮੁੱਦੇ 'ਤੇ ਬੰਬ ਪੀੜਿਤ ਪਰਿਵਾਰਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਜੇਕਰ ਪੰਜਾਬ ਸਰਕਾਰ ਅਤੇ ਪ੍ਰਧਾਨ ਅਮਨ ਅਰੋੜਾ ਇਸ ਮੁੱਦੇ ਤੇ ਮੁਆਫ਼ੀ ਨਹੀ ਮੰਗਦੇ ਤਾਂ ਉਹ ਇਸ ਖਿਲਾਫ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਸ਼ੁਰੂ ਕਰਨਗੇ | ਇਸ ਮੌਕੇ ਉਨ੍ਹਾਂ ਨੇ ਮੌੜ ਮੰਡੀ ਵਾਸੀ ਜਤਿੰਦਰ ਕੁਮਾਰ ਸ਼ਰਮਾ ਵਰਸਜ਼ ਪੰਜਾਬ ਸਟੇਟ ਸਬੰਧੀ ਵੀ ਗੱਲਬਾਤ ਕੀਤੀ ਕਿ ਆਮ ਆਦਮੀ ਪਾਰਟੀ ਨੇ ਆਪਣੇ ਫ਼ਾਇਦਿਆਂ ਲਈ ਪੁਰਾਣੀ ਵਾਰਡਬੰਦੀ ਨੂੰ ਤੋੜ ਮਰੋੜ ਕੇ ਆਪਣੇ ਮੁਤਾਬਿਕ ਵਾਰਡਬੰਦੀ ਕਰਵਾਈ ਹੈ | ਲੋਕ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਸਬੰਧੀ ਕੇਸ ਦਾਖਲ ਕੀਤਾ ਹੋਇਆ ਹੈ ਜਿਸ ਸਬੰਧੀ ਉਮੀਦ ਹੈ ਕਿ 18 ਫਰਵਰੀ ਨੂੰ ਅਦਾਲਤ ਦਾ ਫੈਸਲਾ ਲੋਕ ਹਿੱਤ 'ਚ ਆਵੇਗਾ | ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਨਗਰ ਕੌਂਸਲ ਮੌੜ ਦੇ ਪ੍ਰਧਾਨ ਵਿਚਕਾਰ 26 ਜਨਵਰੀ ਨੂੰ 30 ਲੱਖ ਰੁਪਏ ਦੇ ਲੈਣ ਦੇਣ ਸਬੰਧੀ ਵਾਇਰਲ ਵੀਡੀਓ ਸਬੰਧੀ ਪੰਜਾਬ ਸਰਕਾਰ ਨੇ ਕੋਈ ਕਦਮ ਨਹੀ ਚੁੱਕਿਆ ਪ੍ਰੰਤੂ ਸਾਡੇ ਵਲੋਂ ਇਸ ਮਾਮਲੇ ਸਬੰਧੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਸੀ.ਬੀ.ਆਈ ਨੂੰ ਲਿਖਤੀ ਪੱਤਰ ਭੇਜ ਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਆਮ ਆਦਮੀ ਪਾਰਟੀ ਦੀ ਅਸਲੀਅਤ ਸਾਹਮਣੇ ਆ ਸਕੇ |