ਗੋਨਿਆਣਾ, 15 ਫਰਵਰੀ (ਲਛਮਣ ਦਾਸ ਗਰਗ)- ਪਿੰਡ ਨਹੀਆਂ ਵਾਲਾ ਦੀ ਚਿੜੀਆ ਬਸਤੀ ਦੇ ਵਸਨੀਕਾਂ ਦਾ ਗ਼ੁੱਸਾ ਅੱਜ ਸੜਕਾਂ 'ਤੇ ਫੁੱਟਿਆ ਅਤੇ ਗੋਨਿਆਣਾ ਮੰਡੀ ਦੇ ਬਾਜ਼ਾਰ ਨਾਅਰੇਬਾਜ਼ੀ ਨਾਲ ਗੂੰਜ ਉਠੇ, ਜਦੋਂ ਸੈਂਕੜਿਆਂ ਔਰਤਾਂ-ਮਰਦਾਂ ਨੇ ਕਾਲੀਆਂ ਝੰਡੀਆਂ ਹੱਥਾਂ ਵਿਚ ਫੜ ਕੇ ਪ੍ਰਦਰਸ਼ਨ ਰੈਲੀ ਕੱਢੀ, ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕੀਤਾ | ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਚੋਣਾਂ ਦੌਰਾਨ ਕੀਤੇ ਵਾਅਦੇ ਧੂੜ ਚੱਟ ਰਹੇ ਹਨ ਅਤੇ ਬਸਤੀ ਵਿਚ ਨਾ ਤਾਂ ਢੰਗ ਦੀ ਵਾਟਰ ਸਪਲਾਈ ਹੈ ਅਤੇ ਨਾ ਹੀ ਸੀਵਰੇਜ ਦੀ ਪਾਈਪ ਹੈ, ਜਿਸ ਕਾਰਨ ਲੋਕ ਗੰਦਗੀ, ਬਦਬੂ ਅਤੇ ਬਿਮਾਰੀਆਂ ਦੇ ਖ਼ਤਰੇ ਹੇਠ ਜਿਊਣ ਲਈ ਮਜਬੂਰ ਹਨ | ਰੈਲੀ ਦੌਰਾਨ ਚਿੜੀਆਂ ਬਸਤੀ ਦੇ ਨਿਵਾਸੀਆਂ ਨੇ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਸੀਵਰੇਜ ਪ੍ਰੋਜੈਕਟ ਅੱਧ ਵਿਚਕਾਰ ਰੁਕਿਆ ਪਿਆ ਹੈ, ਗਲੀਆਂ ਵਿਚ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ, ਪਰ ਪ੍ਰਸ਼ਾਸਨ ਸਿਰਫ਼ ਫ਼ੰਡਾਂ ਦੀ ਘਾਟ ਦਾ ਹਵਾਲਾ ਦੇ ਕੇ ਪੱਲਾ ਝਾੜ ਰਿਹਾ ਹੈ | ਔਰਤਾਂ ਨੇ ਦੱਸਿਆ ਕਿ ਪਾਣੀ ਨਾ ਆਉਣ ਕਾਰਨ ਉਨ੍ਹਾਂ ਨੂੰ ਵਿਆਜ 'ਤੇ ਪੈਸੇ ਫੜ ਕੇ ਆਪਣੇ ਘਰਾਂ ਵਿਚ ਮੋਟਰਾਂ ਲਗਵਾਉਣੀਆਂ ਪਈਆਂ ਤਾਂ ਜੋ ਘੱਟੋ-ਘੱਟ ਪੀਣ ਲਈ ਪਾਣੀ ਮਿਲ ਸਕੇ, ਪਰ ਇਸ ਨਾਲ ਘਰੇਲੂ ਖ਼ਰਚਾ ਅਤੇ ਕਰਜ਼ਾ ਦੋਵੇਂ ਵਧ ਗਏ ਹਨ | ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਚੋਣ ਬਾਈਕਾਟ ਤੋਂ ਬਾਅਦ ਦਿੱਤੇ ਗਏ ਭਰੋਸੇ ਹਵਾ ਹੋ ਗਏ ਹਨ ਅਤੇ ਬਸਤੀ ਨਾਲ ਸਿਆਸੀ ਬਦਲਾ ਲਿਆ ਜਾ ਰਿਹਾ ਹੈ | ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇ ਲਗਾਏ ਅਤੇ ਬਾਜ਼ਾਰ ਵਿਚ ਕਈ ਥਾਵਾਂ 'ਤੇ ਧਰਨਾ ਲਗਾ ਕੇ ਟਰੈਫ਼ਿਕ ਵੀ ਰੋਕਿਆ ਗਿਆ | ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਵਾਟਰ ਸਪਲਾਈ ਸੁਚਾਰੂ ਨਾ ਕੀਤੀ ਗਈ ਅਤੇ ਸੀਵਰੇਜ ਪਾਈਪ ਲਾਈਨ ਦਾ ਕੰਮ ਮੁੜ ਸ਼ੁਰੂ ਕਰਕੇ ਮੁਕੰਮਲ ਨਾ ਕੀਤਾ ਗਿਆ ਤਾਂ ਇਹ ਸਿਰਫ਼ ਸ਼ੁਰੂਆਤ ਹੈ ਅਤੇ ਜਲਦ ਹੀ ਵੱਡਾ ਜ਼ਿਲ੍ਹਾ ਪੱਧਰੀ ਸੰਘਰਸ਼ ਛੇੜਿਆ ਜਾਵੇਗਾ |