ਗੋਨਿਆਣਾ, 15 ਫਰਵਰੀ (ਲਛਮਣ ਦਾਸ ਗਰਗ)-ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ | ਥਾਣਾ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਹੈ ਕਿ ਇਲਾਕੇ ਦੇ ਪਿੰਡ ਜੀਦਾ ਕੋਲ ਨਸ਼ਾ ਤਸਕਰ ਨਸ਼ੇ ਦੀ ਖ਼ਰੀਦੋ ਫ਼ਰੋਖ਼ਤ ਕਰਨ ਲਈ ਘੁੰਮ ਰਹੇ ਹਨ, ਜਿਸ ਤਹਿਤ ਪੁਲਿਸ ਨੇ ਉਕਤ ਪਿੰਡ ਕੋਲ ਟਰੈਪ ਲਗਾ ਕੇ ਜਦੋਂ ਦੋ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਪੁਲਿਸ ਨੇ ਉਨ੍ਹਾਂ ਕੋਲੋਂ 58 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ | ਪੁਲਿਸ ਨੇ ਨਸ਼ਾ ਤਸਕਰਾਂ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ਼ ਸੁੱਖਾ ਵਾਸੀ ਲੱਖੀ ਜੰਗਲ (ਮਹਿਮਾ ਸਰਜਾ) ਅਤੇ ਅੰਮਿ੍ਤਪਾਲ ਸਿੰਘ ਉਰਫ਼ ਪਾਲੀ ਵਾਸੀ ਹਰਰਾਏਪੁਰ ਵਜੋਂ ਕੀਤੀ ਹੈ | ਪੁਲਿਸ ਨੇ ਦੋਵਾਂ ਨਸ਼ਾ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |