ਚਾਉਕੇ, 15 ਫਰਵਰੀ (ਮਨਜੀਤ ਸਿੰਘ ਘੜੈਲੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵਲੋਂ ਜੇਠੂਕੇ ਕਿਰਾਇਆ ਘੋਲ ਦੇ ਸ਼ਹੀਦ ਗੁਰਮੀਤ ਸਿੰਘ ਅਤੇ ਦੇਸ਼ ਪਾਲ ਸਿੰਘ, ਜ਼ਮੀਨ ਬਚਾਓ ਘੋਲ ਦੇ ਸ਼ਹੀਦ ਸੁਰਮੁਖ ਸਿੰਘ ਅਤੇ ਦਿੱਲੀ ਕਿਸਾਨ ਅੰਦੋਲਨ ਦੇ ਸ਼ਹੀਦਾਂ ਰਿਪਨ ਸਿੰਘ ਅਤੇ ਧਰਮ ਸਿੰਘ ਦੀ ਬਰਸੀ ਜੇਠੂਕੇ ਸ਼ਹੀਦੀ ਪਾਰਕ ਵਿਖੇ ਮਨਾਈ ਗਈ | ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਜਥੇਬੰਦੀ ਦਾ ਝੰਡਾ ਲਹਿਰਾਇਆ | ਉਨ੍ਹਾਂ ਦੱਸਿਆ ਕਿ ਸੰਨ 2000 'ਚ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਆਵਾਜਾਈ ਦੇ ਖੇਤਰ 'ਚ ਨਿੱਜੀਕਰਨ ਦੇ ਰਾਹ ਨੂੰ ਲਾਗੂ ਕਰਨ ਦੇ ਖ਼ਿਲਾਫ਼ ਚੱਲੇ ਜੇਠੂਕੇ ਕਿਰਾਇਆ ਘੋਲ ਦੌਰਾਨ ਪਿੰਡ ਦੇ ਦੋ ਨੌਜਵਾਨ ਸ਼ਹੀਦੀ ਪ੍ਰਾਪਤ ਕਰ ਗਏ | ਉਪਰੰਤ ਕਾਂਗਰਸ ਰਾਜ ਵੇਲੇ ਕੀਤੇ ਜਬਰ ਦੌਰਾਨ ਸੁਰਮੁਖ ਸਿੰਘ ਜੇਠੂਕੇ ਸ਼ਹੀਦ ਹੋ ਗਿਆ | ਫਿਰ 2020 'ਚ ਕੇਂਦਰ ਦੀ ਭਾਜਪਾ ਸਰਕਾਰ ਨੇ ਫ਼ਸਲਾਂ 'ਤੇ ਕਾਰਪੋਰੇਟਾਂ ਦਾ ਕਬਜ਼ਾ ਕਰਵਾਉਣ ਹਿੱਤ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਪਿੰਡ ਦੇ ਦੋ ਕਿਸਾਨ ਸ਼ਹੀਦ ਹੋ ਗਏ ਤੇ ਹੁਣ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਇਹ ਨੀਤੀਆਂ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਲਈ ਲੋਕਾਂ 'ਤੇ ਜਬਰ ਢਾਹਿਆ ਜਾ ਰਿਹਾ ਹੈ | ਇਸੇ ਪ੍ਰਸੰਗ 'ਚ ਕਿਸਾਨ ਆਗੂਆਂ ਨੂੰ ਕਰੀਬ ਦਸ ਮਹੀਨੇ ਤੋਂ ਬਠਿੰਡਾ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ ਅਤੇ ਉਨ੍ਹਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਕਿਸਾਨਾਂ 'ਤੇ 6 ਫਰਵਰੀ ਨੂੰ ਜਬਰ ਢਾਹਿਆ ਅਤੇ ਪਰਚੇ ਦਰਜ ਕੀਤੇ | ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਲਾਗੂ ਹੋਣ ਨਾਲ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ | ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਸਮੂਹ ਕਿਰਤੀ ਲੋਕਾਂ ਨੂੰ ਰਾਜ ਪ੍ਰਬੰਧ ਖ਼ਿਲਾਫ਼ ਇਕੱਠਿਆਂ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ | ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜੇਲ੍ਹ 'ਚ ਬੰਦ ਕਿਸਾਨ ਆਗੂ ਬਲਦੇਵ ਸਿੰਘ ਤੇ ਸਗਨਦੀਪ ਸਿੰਘ ਦੀ ਰਿਹਾਈ ਲਈ 18 ਫਰਵਰੀ ਨੂੰ ਬਠਿੰਡਾ ਡੀ.ਸੀ ਦਫ਼ਤਰ ਅੱਗੇ ਜ਼ਿਲ੍ਹਾ ਪੱਧਰੀ ਧਰਨਾ ਲਾਇਆ ਜਾਵੇਗਾ | ਇਸ ਮੌਕੇ ਚੇਤਨਾ ਕਲਾ ਕੇਂਦਰ ਬਰਨਾਲਾ ਹਰਵਿੰਦਰ ਦਵਾਨਾ ਦੀ ਟੀਮ ਵਲੋਂ ਨਾਟਕ 'ਕਾਲਖ ਹਨੇਰੇ' ਖੇਡਿਆ ਗਿਆ ਅਤੇ 'ਛੱਲਾ' ਕੋਰੀਓਗ੍ਰਾਫੀ ਕੀਤੀ ਗਈ | ਗੀਤਕਾਰ ਹਰਬੰਸ ਸਿੰਘ ਘਣੀਆਂ, ਰਾਮ ਸਿੰਘ ਹਠੂਰ ਅਤੇ ਬਲਵੀਰ ਸਿੰਘ ਨੇ ਲੋਕ ਪੱਖੀ ਗੀਤ ਪੇਸ਼ ਕੀਤੇ | ਇਸ ਮੌਕੇ ਸੂਬਾ ਆਗੂ ਰੂਪ ਸਿੰਘ ਛੰਨਾ ਵੀ ਸ਼ਾਮਿਲ ਸਨ |