ਬਠਿੰਡਾ, 15 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਖ਼ਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸਮੇਤ ਤਿੰਨ ਹੋਰ ਸਾਥੀਆਂ ਖਿਲਾਫ ਪੁਲਿਸ ਪ੍ਰਸ਼ਾਸਨ ਵਲੋਂ ਦਰਜ ਕੀਤੇ ਮੁਕੱਦਮੇ ਤਹਿਤ ਸ਼ਹਿਰ ਦੀਆਂ ਸਿੱਖ ਸੰਗਤਾਂ ਅਤੇ ਨਿਹੰਗ ਸਿੰਘ ਫ਼ੌਜਾਂ ਵਲੋਂ ਸ੍ਰੀ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਲੈ ਕੇ ਫਾਇਰ ਬਿ੍ਗੇਡ ਚੌਕ ਤੱਕ ਪੈਦਲ ਰੋਸ ਮਾਰਚ ਕੱਢਿਆ ਗਿਆ | ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਆਸੀ ਆਗੂਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਖ਼ਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਹਰਦੀਪਕ ਸਿੰਘ ਖ਼ਾਲਸਾ ਨੇ ਦੱਸਿਆ ਕਿ ਖ਼ਾਲਸਾ ਸੀਨੀਅਰ ਸੰਕੈਡਰੀ ਸਕੂਲ ਉਨ੍ਹਾਂ ਦੀ ਸੰਸਥਾ ਦੇ ਅਧੀਨ ਚਲਦੀ ਹੈ | ਉਨ੍ਹਾਂ ਵਲੋਂ ਖ਼ਾਲਸਾ ਸਕੂਲ ਦੇ ਪਿ੍ੰਸੀਪਲ ਜਗਤਾਰ ਸਿੰਘ ਤੋਂ ਸਕੂਲ ਵਿਚ ਪਿਛਲੇ 10 ਸਾਲਾਂ 'ਚ ਹੋਏ ਖਰਚੇ ਸਬੰਧੀ ਹਿਸਾਬ ਦੀ ਮੰਗ ਕੀਤੀ ਗਈ ਸੀ | ਪਰ ਪਿ੍ੰਸੀਪਲ ਵਲੋਂ ਉਨ੍ਹਾਂ ਨੂੰ ਹਿਸਾਬ ਨਹੀਂ ਦਿੱਤਾ ਗਿਆ | ਜਿਸ ਕਾਰਨ ਉਨ੍ਹਾਂ ਵਲੋਂ ਸਕੂਲ ਦੇ ਪਿ੍ੰਸੀਪਲ ਨੂੰ ਮੁਅੱਤਲ ਕੀਤਾ ਗਿਆ ਹੈ | ਹੁਣ ਜਦੋਂ ਉਨ੍ਹਾਂ ਪਿਛਲੇ ਦਿਨੀਂ ਆਪਣੇ ਸਾਥੀਆਂ ਸਮੇਤ ਸਕੂਲ 'ਚ ਪਹੁੰਚ ਕੇ ਪਿ੍ੰਸੀਪਲ ਤੋਂ ਹਿਸਾਬ ਮੰਗਿਆ ਗਿਆ ਤਾਂ ਸਕੂਲ ਦੇ ਪਿ੍ੰਸੀਪਲ ਵਲੋਂ ਜਾਣਬੁੱਝ ਕੇ ਸਕੂਲ ਦੀਆਂ ਅਧਿਆਪਕ ਔਰਤਾਂ ਨੂੰ ਅੱਗੇ ਕਰਕੇ ਮਾਹੌਲ ਖ਼ਰਾਬ ਕੀਤਾ ਗਿਆ ਤੇ ਉਨ੍ਹਾਂ ਨਾਲ ਪੁਲਿਸ ਦੀ ਮੌਜੂਦਗੀ 'ਚ ਗਾਲੀ-ਗਲੋਚ ਵੀ ਕੀਤੀ ਗਈ | ਜਿਸ ਦੀ ਸ਼ਿਕਾਇਤ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਕੀਤੀ ਗਈ ਹੈ, ਪਰ ਹੁਣ ਪੁਲਿਸ ਨੇ ਉਸ ਸਮੇਤ ਤਿੰਨ ਹੋਰ ਸਾਥੀਆਂ ਖਿਲਾਫ ਮੁਕੱਦਮਾ ਇਹ ਕਹਿੰਦੇ ਹੋਏ ਦਰਜ ਕੀਤਾ ਗਿਆ ਹੈ, ਕਿ ਉਨ੍ਹਾਂ ਨੇ ਸਕੂਲ ਦੇ ਕਮਰੇ ਦਾ ਤਾਲਾ ਤੋੜ ਕੇ ਰਿਕਾਰਡ ਚੋਰੀ ਕੀਤਾ ਗਿਆ ਹੈ ਤੇ ਅਧਿਆਪਕ ਔਰਤਾਂ ਨਾਲ ਗਾਲੀ ਗਲੋਚ ਕੀਤੀ ਗਈ ਹੈ | ਹਰਦੀਪਕ ਸਿੰਘ ਖ਼ਾਲਸਾ ਨੇ ਕਿਹਾ ਕਿ ਭਾਵੇਂ ਸਕੂਲ ਬੇਸ਼ੱਕ ਅਰਧ ਸਰਕਾਰੀ ਹੈ ਪਰ ਇਸ ਦੇ ਪ੍ਰਬੰਧ ਚਲਾਉਣ ਦਾ ਪੂਰਾ ਅਖ਼ਤਿਆਰ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਕੋਲ ਹੈ, ਜਿਸ ਨੂੰ ਸਕੂਲ ਪਿ੍ੰਸੀਪਲ ਮੰਨਣ ਲਈ ਤਿਆਰ ਨਹੀਂ | ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਸਿਆਸੀ ਸਹਿ ਉਪਰ ਜੋ ਉਨ੍ਹਾਂ 'ਤੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਹਨ | ਜੇਕਰ ਉਸ ਨੂੰ ਖ਼ਾਰਜ ਨਾ ਕੀਤਾ ਗਿਆ ਤਾਂ ਉਹ ਤਿੱਖੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਦੇ ਹੋਏ ਪੰਜਾਬ ਪੱਧਰ 'ਤੇ ਲੈ ਕੇ ਜਾਣਗੇ ਅਤੇ ਭੁੱਖ ਹੜਤਾਲ ਰੱਖਣ ਲਈ ਤਿਆਰ ਹੋਣਗੇ | ਇਸ ਮੌਕੇ ਮਾਸਟਰ ਮਾਨ ਸਿੰਘ, ਕਰਨਲ ਜਗਜੀਤ ਸਿੰਘ, ਡਾ. ਰਮਨਦੀਪ ਸਿੰਘ, ਡਾ. ਭੁਪਿੰਦਰ ਸਿੰਘ, ਗੁਰਸੇਵਕ ਸਿੰਘ ਚਹਿਲ, ਸੂਬੇਦਾਰ ਜਸਵਿੰਦਰ ਸਿੰਘ, ਗੁਰਭਗਤ ਸਿੰਘ, ਸਮੇਤ ਸ਼ਹਿਰ ਦੀਆਂ ਸਿੱਖ ਸੰਗਤਾਂ ਪਹੁੰਚਿਆ |