ਕੋਟਫੱਤਾ, 17 ਫਰਵਰੀ (ਰਣਜੀਤ ਸਿੰਘ ਬੁੱਟਰ)-ਸਬ ਡਵੀਜਨ ਕੋਟਸ਼ਮੀਰ ਵਿਖੇ ਸਮੂਹ ਬਿਜਲੀ ਕਰਮਚਾਰੀਆਂ ਵਲੋਂ ਬਿਜਲੀ ਬੋਰਡ ਮੇਨੇਜਮੈਂਟ ਦੀ ਅਰਥੀ ਫੂਕ ਕੇ ਰੋਸ ਰੈਲੀ ਕੀਤੀ ਗਈ | ਆਗੂਆਂ ਵਲੋਂ ਦੱਸਿਆ ਗਿਆ ਕਿ 14 ਜਨਵਰੀ 2026 ਨੂੰ ਬਿਜਲੀ ਨਿਗਮ ਮੈਨੇਜਮੈਂਟ ਨਾਲ ਮੀਟਿੰਗ ਉਪਰੰਤ ਮੈਨੇਜਮੈਂਟ ਵਲੋਂ ਜੱਥੇਬੰਦੀਆਂ ਨਾਲ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ 'ਤੇ ਸਹਿਮਤੀ ਕੀਤੀ ਗਈ ਸੀ ਅਤੇ ਮੈਨੇਜਮੈਂਟ ਵਲੋਂ ਬਿਜਲੀ ਨਿਗਮ ਦੀਆਂ ਜਾਇਦਾਦਾਂ ਨਾ ਵੇਚਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਮੈਨੇਜਮੈਂਟ ਨੇ ਵਾਅਦਾ ਖਿਲਾਫ਼ੀ ਕਰਦੇ ਹੋਏ ਪਿੰਡ ਬਡੂੰਗਰ ਜ਼ਿਲ੍ਹਾ ਪਟਿਆਲਾ ਵਿਚਲੀ ਬਿਜਲੀ ਨਿਗਮ ਦੀ 50 ਏਕੜ ਜ਼ਮੀਨ ਪੁੱਡਾ ਦੇ ਨਾਮ ਤਬਦੀਲ ਕਰ ਦਿੱਤੀ ਹੈ | ਇਸ ਗੰਭੀਰ ਮੁੱਦੇ ਦੇ ਮਸਲੇ ਸਬੰਧੀ ਸਾਂਝੇ ਥੜੇ ਦੀ ਲੀਡਰਸ਼ਿਪ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਸੀ ਕਿ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਦੇ ਵਿਰੁੱਧ ਅਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ 16 ਅਤੇ 17 ਫਰਵਰੀ ਨੂੰ ਮੈਨੇਜਮੈਂਟ ਦੀ ਇਸ ਵਾਅਦਾ ਖਿਲਾਫ਼ੀ ਵਿਰੁੱਧ ਸਮੁੱਚੇ ਪੰਜਾਬ ਅੰਦਰ ਉਪਮੰਡਲ/ਮੰਡਲ ਪੱਧਰ 'ਤੇ ਪਾਵਰਕਾਮ ਅਤੇ ਟਰਾਂਸਕੋ ਦੇ ਸੀ ਐਮ ਡੀ ਦੇ ਅਰਥੀ ਫੂਕ ਮੁਜ਼ਹਾਰੇ ਕੀਤੇ ਜਾਣਗੇ | ਇਸ ਫੈਸਲੇ ਅਨੁਸਾਰ ਹੀ ਅੱਜ ਸਬ ਡਵੀਜ਼ਨ ਕੋਟਸ਼ਮੀਰ ਵਿਖੇ ਬਿਜਲੀ ਮੰਤਰੀ ਦਾ ਪੁਤਲਾ ਸਾੜਿਆ ਗਿਆ ਅਤੇ ਰੋਸ ਰੈਲੀ ਕੀਤੀ ਗਈ |