ਰਾਮਾਂ ਮੰਡੀ, 17 ਫਰਵਰੀ (ਤਰਸੇਮ ਸਿੰਗਲਾ)-ਅੱਜ ਰਿਫ਼ਾਇਨਰੀ ਰੋਡ 'ਤੇ ਸਥਿਤ ਟਾਊਨਸ਼ਿਪ ਕਲੋਨੀ ਦੇ ਨੇੜੇ ਇਕ ਮੋਟਰ ਸਾਈਕਲ ਅਤੇ ਟਰੱਕ ਦੀ ਹੋਈ ਆਪਸੀ ਟੱਕਰ ਵਿਚ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਮੋਟਰ ਸਾਈਕਲ ਚਾਲਕ ਦੀ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦੀ ਸੂਚਨਾ ਮਿਲਦੇ ਹੀ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਆਪਣੇ ਵਲੰਟੀਅਰ ਕਾਲਾ ਬੰਗੀ ਨਾਲ ਐਂਬੂਲੈਂਸ ਲੈ ਕੇ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ ਜ਼ਖ਼ਮੀ ਮੋਟਰ ਸਾਈਕਲ ਚਾਲਕ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਮਾਂ ਵਿਖੇ ਦਾਖਲ ਕਰਵਾਇਆ ਗਿਆ ਪ੍ਰੰਤੂ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਮਿ੍ਤਕ ਦੀ ਪਹਿਚਾਣ ਲਖਵਿੰਦਰ ਸਿੰਘ ਪੁੱਤਰ ਮਾਣਕ ਸਿੰਘ ਵਾਸੀ ਪਿੰਡ ਪੱਕਾ ਕਲਾਂ ਵਜੋਂ ਹੋਈ ਹੈ | ਪਿੰਡ ਪੱਕਾ ਕਲਾਂ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਨੌਜਵਾਨ ਲਖਵਿੰਦਰ ਸਿੰਘ ਦੀ ਬੇਵਕਤੀ ਮੌਤ 'ਤੇ ਡੁੰਘਾ ਦੁੱਖ ਪ੍ਰਗਟ ਕੀਤਾ ਹੈ |