ਤਲਵੰਡੀ ਸਾਬੋ, 17 ਫਰਵਰੀ (ਰਾਜੂ): ਪੰਜਾਬ ਪੁਲਸ ਵਲੋਂ ਚਲਾਈ ਜਾ ਰਹੀ 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਤਹਿਤ ਤਲਵੰਡੀ ਸਾਬੋ ਪੁਲਸ ਨੇ ਦੋ ਔਰਤਾਂ ਸਮੇਤ ਦੋ ਨੌਜਵਾਨਾਂ ਕੋਲੋਂ ਫਾਰਚੂਨਰ ਗੱਡੀ ਵਿਚੋਂ 10 ਗ੍ਰਾਮ ਹੈਰੋਇਨ ਅਤੇ 9500 ਡਰੱਗ ਮਨੀ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਪੁਲਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ 'ਚੋਂ ਮੁੱਖ ਕਥਿਤ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਕਈ ਸੰਗੀਨ ਮਾਮਲੇ ਵੱਖ-ਵੱਖ ਰਾਜਾਂ ਵਿਚ ਦਰਜ਼ ਹਨ ਅਤੇ ਹਰਿਆਣਾ ਪੁਲਸ ਵੀ ਉਸ ਦੀ ਭਾਲ ਕਰ ਰਹੀ ਸੀ | ਥਾਣਾ ਤਲਵੰਡੀ ਸਾਬੋ ਦੇ ਮੁੱਖੀ ਹਰਬੰਸ ਸਿੰਘ ਨੇ ਮਾਮਲੇ ਸੰਬੰਧੀ ਦੱਸਿਆ ਕਿ ਮੈਡਮ ਡਾ: ਜਯੋਤੀ ਯਾਦਵ ਜ਼ਿਲ੍ਹਾ ਪੁਲਸ ਮੁਖੀ ਬਠਿੰਡਾ ਅਤੇ ਹਰਪ੍ਰੀਤ ਸਿੰਘ ਡੀ.ਐੱਸ.ਪੀ ਤਲਵੰਡੀ ਸਾਬੋ ਦੇ ਦਿਸ਼ਾ ਨਿਰਦੇਸ਼ ਤੇ ਸਥਾਨਕ ਪੁਲਿਸ ਵਲੋਂ ਨਸ਼ੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਇਲਾਕੇ ਵਿਚ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਪੁਲਸ ਪਾਰਟੀ ਨੇ ਦਸਮੇਸ਼ ਸਕੂਲ ਦੇ ਪਿੱਛੇ ਬਣੀ ਕਾਲੋਨੀ ਦਸਮੇਸ਼ ਨਗਰ ਵਿਚੋਂ ਇੱਕ ਕਾਲੇ ਰੰਗ ਦੀ ਫਾਰਚੂਨਰ ਗੱਡੀ ਆਉਂਦੀ ਦੇਖੀ ਤੇ ਉਸ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 10 ਗ੍ਰਾਮ ਹੈਰੋਇਨ ਅਤੇ 9500 ਡਰੱਗ ਮਨੀ ਬਰਾਮਦ ਕੀਤੀ ਗਈ | ਥਾਣਾ ਮੁਖੀ ਅਨੁਸਾਰ ਪੁਲਸ ਪਾਰਟੀ ਨੇ ਮੌਕੇ 'ਤੇ ਫਾਰਚੂਨਰ ਗੱਡੀ, ਹੈਰੋਇਨ ਤੇ 9500 ਦੀ ਡਰੱਗ ਮਨੀ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਗੱਡੀ ਵਿਚ ਸਵਾਰ ਦੋ ਨੌਜਵਾਨਾਂ ਅਤੇ ਦੋ ਔਰਤਾਂ ਨੂੰ ਕਾਬੂ ਕਰ ਲਿਆ |ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਸੁਖਵਿੰਦਰ ਕੌਰ ਪਤਨੀ ਸੁਖਦੇਵ ਸਿੰਘ ਵਾਸੀਆਨ ਤਲਵੰਡੀ ਸਾਬੋ, ਗਗਨ ਪੁੱਤਰ ਗੁਰਮੁਖ ਸਿੰਘ ਵਾਸੀ ਅਲੀਪੁਰ ਟੀਟੂ ਖੇੜਾ (ਸਿਰਸਾ), ਅਰਸ਼ਦੀਪ ਕੌਰ ਵਾਸੀ ਗੱਗੜ (ਸ੍ਰੀ ਮੁਕਤਸਰ ਸਾਹਿਬ) ਵਜੋਂ ਹੋਈ ਹੈ, ਜਿੰਨ੍ਹਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਜਾਂਚ ਕੀਤੀ ਜਾ ਰਹੀ ਹੈ |