ਬਠਿੰਡਾ, 17 ਫ਼ਰਵਰੀ (ਵਲ੍ਹਾਣ)- ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਬਠਿੰਡਾ ਦੀ ਸਾਲਾਨਾ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਮਲੂਕਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ ਜਿਸ ਵਿਚ ਸਾਲ 2025-26 ਦੇ ਕਬੱਡੀ ਸੀਜ਼ਨ ਦਾ ਲੇਖਾ-ਜੋਖਾ ਪੇਸ਼ ਕਰਨ ਤੋਂ ਇਲਾਵਾ ਕਬੱਡੀ ਦੀ ਬਿਹਤਰੀ ਲਈ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਬਠਿੰਡਾ 'ਚ ਕਬੱਡੀ ਨੈਸ਼ਨਲ ਸਟਾਇਲ ਦਾ ਇਨਡੋਰ ਸਟੇਡੀਅਮ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ | ਮੀਟਿੰਗ ਦੀ ਸ਼ੁਰੂਆਤ ਵਿਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਜਿੰਦਾ ਨੇ ਸਾਲਾਨਾ ਰਿਪੋਰਟ ਪੜ੍ਹਦਿਆਂ ਜ਼ਿਲ੍ਹੇ ਦੀਆਂ ਸਰਕਲ ਅਤੇ ਨੈਸ਼ਨਲ ਸਟਾਈਲ ਕਬੱਡੀ ਟੀਮਾਂ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ ਅਤੇ ਸਹਿਯੋਗ ਦੇਣ ਵਾਲਿਆਂ ਦੀ ਸ਼ਲਾਘਾ ਕੀਤੀ ਜਦਕਿ ਖ਼ਜ਼ਾਨਚੀ ਗੁਰਪ੍ਰੀਤ ਸਿੰਘ ਸਿੱਧੂ ਨੇ ਐਸੋਸੀਏਸ਼ਨ ਦੇ ਖ਼ਰਚਿਆਂ ਦਾ ਲੇਖਾ-ਜੋਖਾ ਕੀਤਾ ਅਤੇ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਗੱਲਬਾਤ ਰੱਖੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਮਲੂਕਾ ਨੇ ਕਿਹਾ ਕਿ 'ਕਬੱਡੀ ਸਾਡੀ ਵਿਰਾਸਤੀ ਖੇਡ ਹੈ ਅਤੇ ਇਸ ਖੇਡ ਨੂੰ ਹੋਰ ਉੱਚਾ ਚੁੱਕਣਾ ਤੇ ਯੁਵਾ ਪੀੜ੍ਹੀ ਨੂੰ ਕਬੱਡੀ ਨਾਲ ਜੋੜਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ | ਐਸੋਸੀਏਸ਼ਨ ਦੇ ਚੇਅਰਮੈਨ ਡਾ. ਸੁਰਜੀਤ ਸਿੰਘ ਨੇ ਐਲਾਨ ਕੀਤਾ ਕਿ ਉਨ੍ਹਾਂ ਵਲੋਂ ਕਬੱਡੀ ਲਈ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਐਸੋਸੀਏਸ਼ਨ ਦੇ ਕੋਚ ਜਾਂ ਮੈਂਬਰ ਨੂੰ 11,000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਸਟੇਟ ਪੱਧਰ 'ਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਕ੍ਰਮਵਾਰ 5,100, 3,100 ਅਤੇ 2,100 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ | ਇਸ ਦੌਰਾਨ ਭਾਰਤੀ ਕਬੱਡੀ ਟੀਮ ਦੇ ਕੋਚ ਹਰਪ੍ਰੀਤ ਬਾਬਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਡਾ. ਸੁਖਜੀਤ ਜਟਾਣਾ, ਜੋਗਿੰਦਰ ਬਰਾੜ ਤੁੰਗਵਾਲੀ, ਜਸਪਾਲ ਸੀਰਾ ਮਸ਼ਾਣਾ, ਰਘਬੀਰ ਸਿੰਘ ਬੀਰਾ ਤੁੰਗਵਾਲੀ, ਭੁਪਿੰਦਰ ਮਾਨ ਮੌੜ, ਗੁਰਚਰਨ ਜੰਡਾਂਵਾਲਾ, ਸ਼ਿਵਰਾਜ ਫ਼ੌਜੀ, ਗੁਰਵਿੰਦਰ ਤੁੰਗਵਾਲੀ, ਕੋਚ ਧਨਵਿੰਦਰ ਕੋਟੜਾ ਕੌੜਾ, ਹਰਮਨ ਭੈਣੀ, ਪ੍ਰਸ਼ਾਂਤ ਭਾਈਰੂਪਾ ਪਿ੍ੰਸੀਪਲ ਗੁਰੂਕੁਲ ਸਕੂਲ, ਗੁਰਜੀਤ ਗੋਰਾ ਦਿਉਣ, ਲੋਕ ਗਾਇਕ ਬੂਟਾ ਭਾਈ ਰੂਪਾ, ਸੀਰਾ ਜੰਡਾਂਵਾਲਾ, ਸੁਖਮੰਦਰ ਖਾਨ, ਸੋਨੀ ਕੋਟ ਫੱਤਾ, ਨਾਇਬ ਲਹਿਰਾ, ਹਰਜੀਤ ਅਕਲੀਆ, ਪੀਤਾ ਕੋਟਸ਼ਮੀਰ ਸਮੇਤ ਹੋਰ ਮੈਂਬਰ ਹਾਜ਼ਰ ਸਨ |