19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਪੁਲਿਸ ਨੇ ਦੂਜੀ ਵਾਰ ਸਾਬੋਤਾਜ ਕੀਤਾ ਬਠਿੰਡਾ 'ਚ ਲਗਾਇਆ ਜਾਣ ਵਾਲਾ ਪੱਕਾ ਕਿਸਾਨ ਮੋਰਚਾ <br/>

ਅਜੀਤ ਡੈਸਕ 19-02-2026

ਬਠਿੰਡਾ, 18 ਫਰਵਰੀ (ਸੱਤਪਾਲ ਸਿੰਘ ਸਿਵੀਆਂ)-ਅੱਜ ਲਗਭਗ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਬਠਿੰਡਾ ਪੁਲਿਸ ਸੂਬੇ ਦੀ ਸਭ ਤੋਂ ਵੱਧ ਮਜ਼ਬੂਤ ਮੰਨੀ ਜਾਂਦੀ ਕਿਸਾਨ ਧਿਰ 'ਭਾਰਤੀ ਕਿਸਾਨ ਯੂਨੀਅਨ ਏਕਤਾ' (ਉਗਰਾਹਾਂ) ਨੂੰ ਮੁੜ ਦੂਜੀ ਵਾਰ ਖਿਦੇੜਣ ਵਿਚ ਸਫਲ ਰਹੀ ਹੈ | ਪਿਛਲੇ ਦੋ ਹਫ਼ਤਿਆਂ ਅੰਦਰ ਪੁਲਿਸ ਨੇ ਕਿਸਾਨਾਂ ਦੇ ਬਠਿੰਡਾ ਵਿਚ ਲਗਾਏ ਜਾਣ ਵਾਲੇ ਪੱਕੇ ਕਿਸਾਨ ਮੋਰਚੇ ਨੂੰ ਲਗਾਤਾਰ ਦੂਜੀ ਵਾਰ ਸਾਬੋਤਾਜ ਕੀਤਾ ਹੈ ਤੇ 6 ਫਰਵਰੀ ਵਾਂਗ ਅੱਜ ਵੀ ਕਿਸਾਨਾਂ ਨੂੰ ਬਠਿੰਡਾ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ | ਭਾਕਿਯੂ ਉਗਰਾਹਾਂ ਸਮੇਤ ਸੂਬੇ ਦੀਆਂ ਸਾਰੀਆਂ ਕਿਸਾਨ-ਮਜਦੂਰ ਤੇ ਜਨਤਕ ਧਿਰਾਂ ਇਸ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਲੋਕ ਜੁਬਾਨਬੰਦੀ ਵਾਲੀ ਕਾਰਵਾਈ ਕਰਾਰ ਦੇ ਰਹੀਆਂ ਹਨ | ਕਿਸਾਨਾਂ ਦੇ ਅੱਜ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਬੇਸ਼ੱਕ ਬੀਤੀ ਰਾਤ ਤੋਂ ਹੀ ਪੁਲਿਸ ਨੇ ਕਿਸਾਨਾਂ ਦੀ ਫੜੋ-ਫੜਾਈ ਸ਼ੁਰੂ ਕਰ ਦਿੱਤੀ ਸੀ ਤੇ ਦਿਨ ਚੜ੍ਹਦੇ ਹੀ ਬਠਿੰਡਾ ਦੀਆਂ ਹੱਦੀ ਸੜਕਾਂ 'ਤੇ ਭਾਰੀ ਨਾਕਾਬੰਦੀ ਕਰ ਦਿੱਤੀ ਗਈ | ਬਠਿੰਡਾ ਵੱਲ ਵਧਣ ਲਈ ਜ਼ਿਲੇ੍ਹ ਦੇ ਪਿੰਡ ਜਿਉਂਦ ਵਿਚ ਇਕੱਤਰ ਹੋਏ ਕਿਸਾਨਾਂ ਨੂੰ ਪੁਲਿਸ ਨੇ ਸਮੇਂ ਨਾਲ ਹੀ ਘੇਰਾ ਪਾ ਲਿਆ, ਖ਼ੁਦ ਬਠਿੰਡਾ ਦੇ ਜ਼ਿਲ੍ਹਾ ਪੁਲਿਸ ਮੁਖੀ ਡਾ. ਜਯੋਤੀ ਯਾਦਵ ਬੈਂਸ ਨੇ ਬਖਤਰਬੰਦ ਹੋ ਕੇ ਅਤੇ ਹੱਥ ਵਿਚ ਡੰਡਾ ਫੜ ਕੇ ਪੁਲਿਸ ਦੀ ਅਗਵਾਈ ਕੀਤੀ | ਇਸ ਦੌਰਾਨ ਪਿੰਡ ਜਿਉਂਦ ਵਿਚ ਪੁਲਿਸ ਵਲੋਂ ਛੱਡੇ ਗਏ ਅੱਥਰੂ ਗੈਸ ਦੇ ਗੋਲਿਆਂ ਅਤੇ ਟਕਰਾਓ ਦੌਰਾਨ ਪਿੰਡ ਮਾੜੀ ਦੇ ਕਿਸਾਨ ਚਰਨਜੀਤ ਸਿੰਘ , ਪਿੰਡ ਜਿਉਂਦ ਦੇ ਕਿਸਾਨ ਪੁਨੀਤ ਸਿੰਘ ਸਮੇਤ ਕਈ ਕਿਸਾਨਾਂ ਦੇ ਜ਼ਖ਼ਮੀ ਹੋਣ ਅਤੇ ਪਿੰਡ ਦੇ ਆਮ ਵਰਗ ਦਾ ਮਾਲੀ ਨੁਕਸਾਨ ਹੋਣ ਦੇ ਮਾਮਲੇ ਸਾਹਮਣੇ ਆਏ ਹਨ | ਇਸ ਦੌਰਾਨ ਕੁਝ ਕਿਸਾਨ ਪੁਲਿਸ ਨੂੰ ਚਕਮਾ ਦੇ ਬਠਿੰਡਾ ਦੇ ਮਿੰਨੀ ਸਕੱਤਰੇਤ ਨੇੜੇ ਪੁੱਜ ਗਏ, ਜਿਨ੍ਹਾਂ ਨੂੰ ਇੱਥੇ ਪਹਿਲਾਂ ਤੋਂ ਥਾਣਾ ਕੋਤਵਾਲੀ ਦੇ ਮੁਖ ਅਧਿਕਾਰੀ ਦੀ ਅਗਵਾਈ ਵਿਚ ਤਾਇਨਾਤ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ | ਇਸ ਦੌਰਾਨ ਪੁਲਿਸ ਨੇ ਮਿੰਨੀ ਸਕੱਤਰੇਤ ਨਜ਼ਦੀਕ ਸਖ਼ਤ ਨਾਕਾਬੰਦੀ ਕੀਤੀ ਹੋਈ ਸੀ |
ਅੱਜ ਕੱਢੇ ਜਾਣਗੇ ਜੇਤੂ ਮਾਰਚ
-ਭਾਕਿਊ ਉਗਰਾਹਾਂ ਵਲੋਂ ਇਹ ਸੰਘਰਸ਼ ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਕੇਂਦਰੀ ਜੇਲ੍ਹ ਬਠਿੰਡਾ ਵਿਚ ਬੰਦ ਕਿਸਾਨ ਆਗੂ ਬਲਦੇਵ ਸਿੰਘ ਚਾਉਕੇ ਅਤੇ ਸ਼ਗਨਦੀਪ ਸਿੰਘ ਜਿਉਂਦ ਦੀ ਪੱਕੀ ਰਿਹਾਈ ਲਈ ਲੜਿਆ ਜਾ ਰਿਹਾ ਸੀ, ਜਿਸ ਤੋਂ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਲਗਾਤਾਰ ਆਨਾ-ਕਾਨੀ ਕਰ ਰਿਹਾ ਸੀ ਤੇ ਇਸੇ ਰੋਸ ਵਜੋਂ ਕਿਸਾਨਾਂ ਨੇ ਬਠਿੰਡਾ ਵਿਚ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਸੀ | ਕਿਸਾਨਾਂ ਦੇ ਸੰਘਰਸ਼ ਦੇ ਦੂਜੇ ਪੜਾਅ ਦੌਰਾਨ ਅੱਜ ਅਦਾਲਤ ਵਲੋਂ ਉਕਤ ਦੋਵੇਂ ਕਿਸਾਨਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈੇ | ਇਸ ਨੂੰ ਭਾਕਿਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਕਿਸਾਨ ਸੰਘਰਸ਼ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਜਦੋਂ ਇਸ ਸੰਘਰਸ਼ ਦੌਰਾਨ ਫੜੇ ਸਾਰੇ ਕਿਸਾਨ ਰਿਹਾਅ ਨਹੀਂ ਕੀਤੇ ਜਾਂਦੇ, ਉਨ੍ਹਾਂ ਸਮਾਂ ਸੰਘਰਸ਼ ਜਾਰੀ ਰਹੇਗਾ ਅਤੇ ਅੱਜ ਜ਼ਿਲੇ੍ਹ ਭਰ ਵਿਚ ਜੇਤੂ ਕਿਸਾਨ ਮਾਰਚ ਕੱਢੇ ਜਾਣਗੇ | ਉਨ੍ਹਾਂ ਐਲਾਨ ਕੀਤਾ ਕਿ ਕਿਸਾਨੀ ਮੰਗਾਂ ਦੀ ਪੂਰਤੀ ਖ਼ਾਤਰ ਸੰਘਰਸ਼ ਜਾਰੀ ਰਹੇਗਾ | ਇਸ ਦੌਰਾਨ ਹੋਰਨਾਂ ਵੱਖ-ਵੱਖ ਥਾਵਾਂ ਤੋਂ ਵੀ ਪੁਲਿਸ ਵਲੋਂ ਕਿਸਾਨ ਹਿਰਾਸਤ ਵਿਚ ਲਏ ਗਏ ਹਨ |

ਪਿਛਲੀ ਖ਼ਬਰ ਮੰਡੀ ਖ਼ੁਰਦ ਵਿਖੇ ਲੱਗੀ ਅੱਗ ਨਾਲ ਘਰ 'ਚ ਲੱਖਾਂ ਦਾ ਸਾਮਾਨ ਸੜਿਆ ਅਗਲੀ ਖ਼ਬਰ ਕਥਾਵਾਚਕ ਨਾਲ ਕੁੱਟਮਾਰ ਕਰਨ ਅਤੇ ਕੇਸ ਕਤਲ ਕਰਨ ਦੀ ਜਥੇਦਾਰ ਬਾਬਾ ਟੇਕ ਸਿੰਘ ਵਲੋਂ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।